A new ‘wrong number’ trap involving girls in Punjab! The incident—what happened after a young man was rendered unconscious—will leave you stunned
ਪੰਜਾਬ ’ਚ ਕੁੜੀਆਂ ਦਾ ‘ਗਲਤੀ ਨਾਲ ਕਾਲ’ ਵਾਲਾ ਨਵਾਂ ਜਾਲ! ਮੁੰਡੇ ਨੂੰ ਬੇਹੋਸ਼ ਕਰਕੇ ਜੋ ਕੀਤਾ, ਹੋਸ਼ ਉਡਾਵੇਗਾ ਮਾਮਲਾ
ਫਿਰੋਜ਼ਪੁਰ (ਆਵਾਜ਼ਿ ਕੌਮ ਬਿਊਰੋ)-ਜੇਕਰ ਤੁਹਾਡੇ ਫੋਨ ’ਤੇ ਵੀ ਕਿਸੇ ਵੀ ਅਣਜਾਣ ਕੁੜੀ ਕਾਲ ਕਰ ਕੇ ਇਹ ਕਹੇ ਕਿ ਗਲਤੀ ਨਾਲ ਉਸ ਦਾ ਨੰਬਰ ਲੱਗ ਗਿਆ ਹੈ ਅਤੇ ਫਿਰ ਵਾਰ-ਵਾਰ ਕਾਲ ਕਰਨ ਲੱਗੇ ਤਾਂ ਸਾਵਧਾਨ ਰਹਿਣਾ, ਕਿਉਂਕਿ ਇਹ ਕੁੜੀ ਕਿਸੇ ਬਲੈਕਮੇਲਰ ਗਿਰੋਹ ਦੀ ਮੈਂਬਰ ਵੀ ਹੋ ਸਕਦੀ ਹੈ। ਅਜਿਹੀ ਹੀ ਇਕ ਘਟਨਾ ਫਿਰੋਜ਼ਪੁਰ ‘ਚ ਵਾਪਰੀ ਹੈ, ਜਿਸ ਨੂੰ ਲੈ ਕੇ ਥਾਣਾ ਕੁਲਗੜ੍ਹੀ ਦੀ ਪੁਲਸ ਵਲੋਂ ਪਰਮਿੰਦਰ ਉਰਫ਼ ਰਿੰਪੀ ਸੰਧੂ ਨਾਂ ਦੀ ਇਕ ਕੁੜੀ ਅਤੇ ਗਿਰੋਹ ਦੇ ਕਰੀਬ 6 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਕੁਲਗੜ੍ਹੀ ਦੇ ਏ. ਐੱਸ. ਆਈ. ਮਲਕੀਤ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਮੁੱਖ ਸਿੰਘ ਵਾਸੀ ਪਿੰਡ ਅਨਾਰਕਲੀ ਨੇ ਪੁਲਸ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਹ ਮੱਲਾਂਵਾਲਾ ਏਰੀਆ ਦਾ ਰਹਿਣ ਵਾਲਾ ਹੈ ਅਤੇ ਕਰੀਬ ਡੇਢ ਮਹੀਨਾ ਪਹਿਲਾਂ ਉਸ ਦੇ ਮੋਬਾਇਲ ’ਤੇ ਵਟਸਐਪ ਕਾਲ ਆਈ ਸੀ, ਜਿਸ ‘ਚ ਕਾਲ ਕਰਨ ਵਾਲੀ ਕੁੜੀ ਨੇ ਆਪਣਾ ਨਾਂ ਪਰਮਿੰਦਰ ਕੌਰ ਰਿੰਪੀ ਸੰਧੂ ਦੱਸਿਆ ਅਤੇ ਕਿਹਾ ਕਿ ਗਲਤੀ ਨਾਲ ਉਸ ਦਾ ਨੰਬਰ ਲੱਗ ਗਿਆ ਸੀ। ਫਿਰ ਉਹ ਕੁੜੀ ਵਾਰ-ਵਾਰ ਸ਼ਿਕਾਇਤਕਰਤਾ ਨੂੰ ਕਾਲ ਕਰਨ ਲੱਗੀ ਅਤੇ ਦੋਹਾਂ ‘ਚ ਗੱਲਬਾਤ ਹੋਣ ਲੱਗੀ। ਸ਼ਿਕਾਇਤਕਰਤਾ ਅਨੁਸਾਰ 12 ਸਤੰਬਰ ਨੂੰ ਦੁਪਹਿਰ ਕਰੀਬ 12 ਵਜੇ ਉਸ ਦੇ ਫੋਨ ’ਤੇ ਰਿੰਪੀ ਸੰਧੂ ਦੀ ਵਟਸਐਪ ਕਾਲ ਆਈ ਅਤੇ ਉਸ ਨੇ ਸ਼ਿਕਾਇਤਕਰਤਾ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਹੋ ਤਾਂ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਤਲਵੰਡੀ ‘ਚ ਹੈ। ਰਿੰਪੀ ਸੰਧੂ ਨੇ ਉਸ ਨੂੰ ਫਿਰੋਜ਼ਪੁਰ ਜ਼ੀਰਾ ਰੋਡ ’ਤੇ ਪਿੰਡ ਸਤੀਏਵਾਲਾ ਬਾਈਪਾਸ ’ਤੇ ਆਉਣ ਲਈ ਕਿਹਾ ਅਤੇ ਸ਼ਿਕਾਇਤਕਰਤਾ ਉਸ ਕੁੜੀ ਵਲੋਂ ਦੱਸੀ ਗਈ ਜਗ੍ਹਾ ’ਤੇ ਪਹੁੰਚ ਗਿਆ। ਫਿਰ ਕੁੜੀ ਗੱਲਾਂ ‘ਚ ਲਗਾ ਕੇ ਉਸ ਨੂੰ ਕਿਸੇ ਅਣਜਾਣ ਜਗ੍ਹਾ ’ਤੇ ਲੈ ਗਈ ਅਤੇ ਉਸ ਨੂੰ ਕਿਸੇ ਮਿੱਠੀ ਚੀਜ਼ ‘ਚ ਕੁੱਝ ਮਿਲਾ ਕੇ ਖੁਆ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਰਿੰਪੀ ਸੰਧੂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਉੱਥੇ ਦਵਿੰਦਰ ਪੁੱਤਰ ਮੇਜਰ ਸਿੰਘ, ਗਗਨ, ਮਨਦੀਪ ਅਤੇ 2-3 ਅਣਪਛਾਤੇ ਵਿਅਕਤੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਉਸ ਦੇ ਕੱਪੜੇ ਉਤਰਵਾ ਕੇ ਉਸ ਦੀ ਫੋਟੋ ਖਿੱਚੀ ਅਤੇ ਵੀਡੀਓ ਬਣਾਈ। ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਡਰਾ ਕੇ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਬਦਨਾਮੀ ਤੋਂ ਡਰਦਿਆਂ ਉਸ ਨੇ ਪੈਸੇ ਦੇਣ ਲਈ ਹਾਂ ਕਰ ਦਿੱਤੀ ਅਤੇ ਉਸੇ ਸਮੇਂ ਹੀ ਉਸ ਨੇ 50 ਹਜ਼ਾਰ ਰੁਪਏ ਦਵਿੰਦਰ ਸਿੰਘ ਦੇ ਖ਼ਾਤੇ ‘ਚ ਟਰਾਂਸਫਰ ਕਰ ਦਿੱਤੇ ਅਤੇ 2 ਲੱਖ ਰੁਪਏ ਆਪਣੇ ਰਿਸ਼ਤੇਦਾਰ ਗੁਰਜੰਟ ਸਿੰਘ ਤੋਂ ਉਸ ਦੇ ਖ਼ਾਤੇ ‘ਚ ਟਰਾਂਸਫਰ ਕਰਵਾ ਦਿੱਤੇ। ਪੁਲਸ ਵਲੋਂ ਬਲੈਕਮੇਲਰ ਰਿੰਪੀ ਸੰਧੂ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

