Punjab Roadways bus packed with passengers catches fire; panic ensues
ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ
ਭੋਗਪੁਰ (ਆਵਾਜ਼ਿ ਕੌਮ ਬਿਊਰੋ)-ਸੋਮਵਾਰ ਸਵੇਰੇ ਜਲੰਧਰ ਤੋਂ ਦਸੂਹਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਭੋਗਪੁਰ ਦੇ ਨਵੇਂ ਬੱਸ ਅੱਡੇ ‘ਤੇ ਪੁੱਜਣ ‘ਤੇ ਅਚਾਨਕ ਅੱਗ ਲੱਗ ਗਈ, ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿਚ 27 ਦੇ ਕਰੀਬ ਯਾਤਰੀ ਸਵਾਰ ਸਨ। ਜਿਵੇਂ ਹੀ ਇਹ ਬਸ ਨਵਾਂ ਬੱਸ ਅੱਡਾ ਭੋਗਪੁਰ ਵਿਚ ਰੁਕੀ ਤਾਂ ਉਸੇ ਸਮੇਂ ਕੁਝ ਲੋਕਾਂ ਨੇ ਬੱਸ ਹੇਠੋਂ ਧੂਆਂ ਨਿਕਲਦਾ ਦੇਖਿਆ ਤਾਂ ਤੁਰੰਤ ਲੋਕਾਂ ਨੇ ਇਸਦੀ ਸੂਚਨਾ ਕੰਡਕਟਰ ਡਰਾਈਵਰ ਨੂੰ ਦਿੱਤੀ। ਜਿਨ੍ਹਾਂ ਨੇ ਤੁਰੰਤ ਸਵਾਰੀਆਂ ਨੂੰ ਸੁਰੱਖਿਅਤ ਹੇਠਾਂ ਉਤਾਰ ਦਿੱਤਾ। ਇਸ ਮੌਕੇ ਨਗਰ ਕੌਂਸਲ ਦਫਤਰ ਦੇ ਬਾਹਰ ਇਕ ਪਾਣੀ ਦਾ ਕੈਂਟਰ ਖੜਾ ਸੀ ਜਿਸ ਨਲ ਤੁਰੰਤ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਤੇ ਕੋਈ ਭਿਆਨਕ ਹਾਦਸਾ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇਸ ਬੱਸ ਦਾ ਚਾਲਕ ਵਿਨੋਦ ਕੁਮਾਰ ਪੁੱਤਰ ਚੇਤ ਰਾਮ ਵਾਸੀ ਅਬੋਹਰ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ08 ਸੀਬੀ 9628 ਨੂੰ ਜਲੰਧਰ ਤੋਂ ਦਸੂਹੇ ਲੈ ਕੇ ਜਾ ਰਿਹਾ ਸੀ ਪਰ ਰਾਹ ਵਿਚ ਹੀ ਇਹ ਹਾਦਸਾ ਵਾਪਰ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਆਅ ਰਿਹਾ।

