Gym trainer shot dead; attackers fired 15 rounds
ਜਿਮ ਟਰੇਨਰ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਕੀਤੀ 15 ਰਾਊਂਡ ਫਾਇਰਿੰਗ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ‘ਚ ਸੋਮਵਾਰ ਸਵੇਰੇ ਬਾਈਕ ਸਵਾਰ 2 ਹਮਲਾਵਰਾਂ ਵਲੋਂ ਇਕ ਜਿਮ ਟਰੇਨਰ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਲਾਕੇ ‘ਚ ਕਰੀਬ 15 ਰਾਊਂਡ ਫਾਇਰਿੰਗ ਹੋਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10 ਵਜੇ ਆਇਆ ਨਗਰ ਪਿੰਡ ‘ਚ ਵਾਪਰੀ, ਜਿਸ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੀ ਪਛਾਣ ਵਿਜੇ ਵਜੋਂ ਹੋਈ ਹੈ, ਜੋ ਜਿਮ ਟਰੇਨਰ ਸੀ ਅਤੇ ਉਸ ਦੀ ਉਮਰ ਕਰੀਬ 28 ਸਾਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਇਹ ਫਾਇਰਿੰਗ ਆਪਸੀ ਰੰਜਿਸ਼ ਦਾ ਨਤੀਜਾ ਹੋ ਸਕਦੀ ਹੈ। ਇਸ ਘਟਨਾ ਨਾਲ ਇਲਾਕੇ ‘ਚ ਤਣਾਅ ਫੈਲ ਗਿਆ, ਜਿੱਥੇ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਫਾਇਰਿੰਗ ਦੀ ਘਟਨਾ ਹੋਈ ਸੀ। ਪੁਲਸ ਨੇ ਦੱਸਿਆ ਕਿ ਸ਼ਾਂਤੀ ਬਣਾਏ ਰੱਖਣ ਅਤੇ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਆਇਆ ਨਗਰ ਪਿੰਡ ‘ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫਾਇਰਿੰਗ ਤੋਂ ਬਾਅਦ ਮੋਟਰਸਾਈਕਲ ਤੋਂ ਦੌੜਨ ਵਾਲੇ ਦੋਵੇਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਜਾਂਚ ਕੀਤੀ ਜਾ ਰਹੀ ਹੈ।

