Proof of Indian citizenship being demanded even from an ambassador who served the country for 33 years; the case is astonishing
33 ਸਾਲ ਦੇਸ਼ ਦੀ ਸੇਵਾ ਕਰਨ ਵਾਲੇ ਅੰਬੈਸਡਰ ਤੋਂ ਵੀ ਮੰਗਿਆ ਜਾ ਰਿਹਾ ਭਾਰਤੀ ਹੋਣ ਦਾ ਸਬੂਤ, ਹੈਰਾਨ ਕਰੇਗਾ ਮਾਮਲਾ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਦੇਸ਼ ਦੀ ਵਿਦੇਸ਼ ਸੇਵਾ ’ਚ 33 ਸਾਲ ਤੋਂ ਵੱਧ ਸਮੇਂ ਤੱਕ ਸੇਵਾ ਦੇਣ ਵਾਲੇ ਸੀਨੀਅਰ ਰਾਜਦੂਤ ਅਤੇ ਸਾਬਕਾ ਅੰਬੈਸਡਰ ਰਾਜਿੰਦਰ ਭਗਤ (ਆਈ. ਐੱਫ਼. ਐੱਸ., 1980 ਬੈਚ) ਨੂੰ ਵੀ ਹੁਣ ਆਪਣੀ ਅਤੇ ਆਪਣੇ ਪਰਿਵਾਰ ਦੀ ਭਾਰਤੀ ਨਾਗਰਿਕਤਾ ਸਾਬਤ ਕਰਨ ਦੀ ਨੌਬਤ ਆ ਗਈ ਹੈ। ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਐੱਸ. ਆਈ. ਆਰ. ਤਹਿਤ ਉਨ੍ਹਾਂ ਦੇ ਪਰਿਵਾਰ ਤੋਂ ਭਾਰਤੀ ਹੋਣ ਦੇ ਸਬੂਤ ਮੰਗੇ ਗਏ ਹਨ। ਮਾਮਲਾ ਇਸ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਰਾਜਿੰਦਰ ਭਗਤ ਖ਼ੁਦ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਰਹੇ ਹਨ ਅਤੇ ਵਿਦੇਸ਼ਾਂ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਰਾਜਿੰਦਰ ਭਗਤ ਦੇ ਬੇਟੇ ਵਿਦੇਸ਼ ’ਚ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ। ਉਨ੍ਹਾਂ ਦੀ ਬੇਟੀ ਦਾ ਜਨਮ ਸਾਊਦੀ ਅਰਬ ਦੇ ਰਿਆਦ ’ਚ ਹੋਇਆ ਸੀ। ਉਸ ਦਾ ਜਨਮ ਸਰਟੀਫਿਕੇਟ ਵੀ ਉਥੇ ਸਥਿਤ ਭਾਰਤੀ ਅੰਬੈਸੀ ਦੇ ਕਾਂਸੁਲਰ ਵਿੰਗ ਤੋਂ ਬਾਕਾਇਦਾ ਪ੍ਰਮਾਣਿਤ ਹੈ। ਇਸ ਦੇ ਬਾਵਜੂਦ ਬੀ. ਐੱਲ. ਓ. ਵੱਲੋਂ ਉਨ੍ਹਾਂ ਦੀ ਬੇਟੀ ਤੋਂ ਜਲੰਧਰ ਨਗਰ ਨਿਗਮ ਤੋਂ ਜਾਰੀ ਜਨਮ ਸਰਟੀਫਿਕੇਟ ਦੇਣ ਲਈ ਕਿਹਾ ਜਾ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਪਤਨੀ ਤੋਂ ਵੀ ਪਾਸਪੋਰਟ ਦੀ ਕਾਪੀ ਦੇ ਨਾਲ ਜਾਇਦਾਦ ਨਾਲ ਸੰਬੰਧਤ ਦਸਤਾਵੇਜ਼ ਦੀ ਕਾਪੀ ਮੰਗੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਵਿਦੇਸ਼ ਸੇਵਾ ’ਚ ਰਹਿਣ ਕਾਰਨ 2003 ’ਚ ਵੀ ਉਹ ਵਿਦੇਸ਼ ’ਚ ਹੀ ਤਾਇਨਾਤ ਸਨ ਅਤੇ ਇਸੇ ਵਜ੍ਹਾ ਨਾਲ ਐੱਸ. ਆਈ. ਆਰ. ਲਈ ਤੈਅ ਆਧਾਰ ਵਰ੍ਹੇ ਦੇ ਦਸਤਾਵੇਜ਼ ਜੁਟਾਉਣਾ ਉਨ੍ਹਾਂ ਲਈ ਵੱਕਰੀ ਤਰ੍ਹਾਂ ਦੀ ਪ੍ਰੇਸ਼ਾਨੀ ਬਣ ਗਿਆ ਹੈ।

