Tarun Tejpal surrenders! Court sends him to jail to serve a 10-year sentence
ਤਰੁਣ ਤੇਜਪਾਲ ਨੇ ਕੀਤਾ ਸਰੰਡਰ ! 10 ਸਾਲ ਸਜ਼ਾ ਕੱਟਣ ਲਈ ਅਦਾਲਤ ਨੇ ਭੇਜਿਆ ਜੇਲ੍ਹ
New Delhi, (ਆਵਾਜ਼ਿ ਕੌਮ ਬਿਊਰੋ)-‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਐਡਿਟਰ-ਇਨ-ਚੀਫ਼ ਤਰੁਣ ਤੇਜਪਾਲ ਨੇ 2013 ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ 10 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਕੱਟਣ ਲਈ ਸੋਮਵਾਰ ਨੂੰ ਗੋਆ ਦੀ ਮਾਪੁਸਾ ਅਦਾਲਤ ਅੱਗੇ ਸਰੰਡਰ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਉੱਤਰੀ ਗੋਆ ਦੀ ਕੋਲਵਾਲੇ ਸੈਂਟ੍ਰਲ ਜੇਲ੍ਹ ਭੇਜ ਦਿੱਤਾ ਗਿਆ ਹੈ। 25 ਅਗਸਤ ਨੂੰ ਸੁਪਰੀਮ ਕੋਰਟ ਦੇ ਜਸਟਿਸ ਆਲੋਕ ਅਰਾਧੇ ਦੇ ਬੈਂਚ ਨੇ ਤੇਜਪਾਲ ਦੀ ਸਰੰਡਰ ਤੋਂ ਛੋਟ ਮੰਗਣ ਵਾਲੀ ਅਪੀਲ ਖਾਰਜ ਕਰਦਿਆਂ ਉਨ੍ਹਾਂ ਨੂੰ 3 ਹਫ਼ਤਿਆਂ ਦੇ ਅੰਦਰ ਸਰੰਡਰ ਕਰਨ ਦਾ ਹੁਕਮ ਸੁਣਾਇਆ ਸੀ। ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਜੇਕਰ 21 ਸਤੰਬਰ 2026 ਤੱਕ ਸਰੰਡਰ ਸਰਟੀਫਿਕੇਟ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ, ਤਾਂ ਹੀ ਤੇਜਪਾਲ ਦੀ ਸਜ਼ਾ ਖ਼ਿਲਾਫ਼ ਦਾਖ਼ਲ ਅਪੀਲ ‘ਤੇ 22 ਸਤੰਬਰ 2026 ਨੂੰ ਸੁਣਵਾਈ ਕੀਤੀ ਜਾਵੇਗੀ। ਬੰਬੇ ਹਾਈ ਕੋਰਟ ਨੇ 2021 ‘ਚ ਹੇਠਲੀ ਅਦਾਲਤ ਵੱਲੋਂ ਤੇਜਪਾਲ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਉਲਟਾਉਂਦੇ ਹੋਏ ਉਸ ਨੂੰ ਦੋਸ਼ੀ ਠਹਿਰਾਇਆ ਸੀ ਅਤੇ 10 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਸੀ। ਤੇਜਪਾਲ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 376(2)(f), 354(a) ਅਤੇ 354(b) ਤਹਿਤ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ‘ਤੇ 10 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ, ਜੋ ਪੀੜਤਾ ਨੂੰ ਦੇਣ ਦੇ ਨਿਰਦੇਸ਼ ਹਨ। ਜ਼ਿਕਰਯੋਗ ਹੈ ਕਿ ਤਰੁਣ ਤੇਜਪਾਲ ‘ਤੇ ਨਵੰਬਰ 2013 ‘ਚ ਗੋਆ ਦੇ ਇੱਕ ਹੋਟਲ ਦੀ ਲਿਫ਼ਟ ‘ਚ ‘ਤਹਿਲਕਾ’ ਦੀ ਇੱਕ ਜੂਨੀਅਰ ਸਹਿਕਰਮੀ ਮਹਿਲਾ ਪੱਤਰਕਾਰ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ ਲੱਗੇ ਸਨ। ਮਈ 2021 ‘ਚ ਮਾਪੁਸਾ ਦੀ ਵਧੀਕ ਸੈਸ਼ਨ ਕੋਰਟ ਨੇ ਸ਼ੱਕ ਦਾ ਲਾਭ (ਬੈਨੀਫਿਟ ਆਫ਼ ਡਾਊਟ) ਦਿੰਦਿਆਂ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਗੋਆ ਸਰਕਾਰ ਨੇ ਸੈਸ਼ਨ ਕੋਰਟ ਇਸ ਫ਼ੈਸਲੇ ਨੂੰ ਬੰਬੇ ਹਾਈ ਕੋਰਟ ‘ਚ ਚੁਣੌਤੀ ਦਿੱਤੀ। ਹਾਈ ਕੋਰਟ ਨੇ ਸੀ.ਸੀ.ਟੀ.ਵੀ. ਫੁਟੇਜ, ਈ-ਮੇਲਾਂ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਤੇਜਪਾਲ ਨੂੰ ਦੋਸ਼ੀ ਕਰਾਰ ਦਿੱਤਾ। ਦੂਜੇ ਪਾਸੇ ਗੋਆ ਸਰਕਾਰ ਨੇ ਵੀ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਤੇਜਪਾਲ ਦੀ 10 ਸਾਲ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ, ਕਿਉਂਕਿ ਸਰਕਾਰ ਅਨੁਸਾਰ ਤੇਜਪਾਲ ਦੇ ਜੁਰਮ ਦੀ ਗੰਭੀਰਤਾ ਦੇ ਸਾਹਮਣੇ 10 ਸਾਲ ਦੀ ਸਜ਼ਾ ਬਹੁਤ ਘੱਟ ਹੈ।

