Surprise checks conducted at hotels and guest houses in Jalandhar; drive intensified on the instructions of Police Commissioner Satinder Singh
ਜਲੰਧਰ ’ਚ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ, ਪੁਲਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਮੁਹਿੰਮ ਤੇਜ਼
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸ਼ਹਿਰ ਵਿਚ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ੱਕੀ ਸਰਗਰਮੀਆਂ ’ਤੇ ਪ੍ਰਭਾਵੀ ਢੰਗ ਨਾਲ ਨਜ਼ਰ ਰੱਖਣ ਦੇ ਉਦੇਸ਼ ਨਾਲ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਕਮਿਸ਼ਨਰੇਟ ਪੁਲਸ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਹੋਟਲਾਂ ਅਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ ਕੀਤੀ ਕਈ। ਪੁਲਸ ਟੀਮਾਂ ਨੇ ਬਿਨਾਂ ਅਗਾਊਂ ਸੂਚਨਾ ਦੇ ਹੋਟਲ ਅਤੇ ਗੈਸਟ ਹਾਊਸਾਂ ਵਿਚ ਪਹੁੰਚ ਕੇ ਉਥੇ ਠਹਿਰੇ ਲੋਕਾਂ ਦੀ ਜਾਣਕਾਰੀ ਤੇ ਰਿਕਾਰਡ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਪੁਲਸ ਅਧਿਕਾਰੀਆਂ ਨੇ ਹੋਟਲ ਪ੍ਰਬੰਧਕਾਂ ਤੋਂ ਸਾਰੇ ਮਹਿਮਾਨਾਂ ਦੀ ਪਛਾਣ ਦੀ ਪੁਸ਼ਟੀ ਕਰਨ, ਉਨ੍ਹਾਂ ਦਾ ਪੂਰਾ ਰਿਕਾਰਡ ਤੇ ਰਜਿਸਟਰ ਸਹੀ ਤਰੀਕੇ ਨਾਲ ਮੇਨਟੇਨ ਕਰਨ ਅਤੇ ਪੁਲਸ ਵੱਲੋਂ ਜਾਰੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣ ਕਰਨ ਨੂੰ ਕਿਹਾ। ਅਧਿਕਾਰੀਆਂ ਨੇ ਇਹ ਵੀ ਯਕੀਨੀ ਕੀਤਾ ਕਿ ਹੋਟਲ ਜਾਂ ਗੈਸਟ ਹਾਊਸ ਵਿਚ ਠਹਿਰਨ ਵਾਲੇ ਹਰੇਕ ਵਿਅਕਤੀ ਦੀ ਜ਼ਰੂਰੀ ਜਾਣਕਾਰੀ ਮੁਹੱਈਆ ਰਹੇ ਤਾਂ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸਰਗਰਮੀ ਦੀ ਸਥਿਤੀ ਵਿਚ ਪੁਲਸ ਨੂੰ ਸਮੇਂ ’ਤੇ ਜਾਣਕਾਰੀ ਮਿਲ ਸਕੇ। ਪੁਲਸ ਨੇ ਪ੍ਰਬੰਧਨ ਨੂੰ ਵਿਸ਼ੇਸ਼ ਰੂਪ ਨਾਲ ਹਦਾਇਤ ਦਿੱਤੀ ਕਿ ਬਿਨਾਂ ਉਚਿਤ ਪਛਾਣ ਤਸਦੀਕ ਦੇ ਕਿਸੇ ਵਿਅਕਤੀ ਨੂੰ ਕਮਰਾ ਉਪਲੱਬਧ ਨਾ ਕਰਵਾਇਆ ਜਾਵੇ। ਹੋਟਲ ਕਰਮਚਾਰੀਆਂ ਨੂੰ ਸ਼ੱਕੀ ਵਿਵਹਾਰ, ਸਰਗਰਮੀ ਜਾਂ ਿਵਅਕਤੀ ਦਿਖਾਈ ਦੇਣ ’ਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ। ਨਾਲ ਹੀ ਹੋਟਲ ਕੰਪਲੈਕਸਾਂ ਵਿਚ ਸੁਰੱਖਿਆ ਵਿਵਸਥਾ, ਐਂਟਰੀ-ਐਗਜ਼ਿਟ ਅਤੇ ਉਪਲੱਬਧ ਰਿਕਾਰਡ ਦੀ ਵੀ ਜਾਂਚ ਕੀਤੀ ਗਈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਸਰਪ੍ਰਾਈਜ਼ ਚੈਕਿੰਗ ਦਾ ਉਦੇਸ਼ ਸ਼ਹਿਰ ਵਿਚ ਅਪਰਾਧਿਕ ਅਤੇ ਸ਼ੱਕੀ ਸਰਗਰਮੀਆਂ ’ਤੇ ਰੋਕ ਲਾਉਣਾ ਅਤੇ ਆਮ ਨਾਗਰਿਕਾਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਪੁਲਸ ਨੇ ਹੋਟਲ ਅਤੇ ਗੈਸਟ ਹਾਊਸ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਨਾਲ ਪੂਰਾ ਸਹਿਯੋਗ ਕਰਨ ਅਤੇ ਗੈਸਟ ਵੈਰੀਫਿਕੇਸ਼ਨ ਅਤੇ ਰਿਕਾਰਡ ਮੇਨਟੀਨੈਂਸ ਨੂੰ ਸਿਰਫ ਰਸਮੀ ਨਾ ਸਮਝਦੇ ਹੋਏ ਸੁਰੱਖਿਆ ਵਿਵਸਥਾ ਦਾ ਮਹੱਤਵਪੂਰਨ ਹਿੱਸਾ ਬਣਾਉਣ। ਕਮਿਸ਼ਨਰੇਟ ਪੁਲਸ ਵੱਲੋਂ ਕਿਹਾ ਗਿਆ ਕਿ ਜਲੰਧਰ ਨੂੰ ਸੁਰੱਖਿਅਤ ਸ਼ਹਿਰ ਬਣਾਈ ਰੱਖਣ ਲਈ ਵੱਖ-ਵੱਖ ਇਲਾਕਿਆਂ ਵਿਚ ਅਜਿਹੇ ਸੁਰੱਖਿਆ ਮੁਆਇਨੇ ਅਤੇ ਅਚਾਨਕ ਜਾਂਚ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਪੁਲਸ ਨੇ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਹੋਟਲ, ਗੈਸਟ ਹਾਊਸ ਜਾਂ ਹੋਰ ਸਥਾਨ ’ਤੇ ਕੋਈ ਸ਼ੱਕੀ ਸਰਗਰਮੀ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ।

