“I never met Disha Salian…”; Sooraj Pancholi’s statement after his name was included in the CBI FIR
“ਮੈਂ ਕਦੇ ਦਿਸ਼ਾ ਸਲਿਆਨ ਨੂੰ ਨਹੀਂ ਮਿਲਿਆ…”; CBI ਵੱਲੋਂ FIR ‘ਚ ਨਾਂ ਸ਼ਾਮਲ ਕੀਤੇ ਜਾਣ ‘ਤੇ ਸੂਰਜ ਪੰਚੋਲੀ ਦਾ ਬਿਆਨ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਅਦਾਕਾਰ ਸੂਰਜ ਪੰਚੋਲੀ ਨੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ ਨਾਲ ਜੁੜੇ ਵਿਵਾਦ ‘ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਬੇਵਜ੍ਹਾ ਘਸੀਟਿਆ ਜਾ ਰਿਹਾ ਹੈ। ਇੰਸਟਾਗ੍ਰਾਮ ‘ਤੇ ਦਿੱਤੇ ਇੱਕ ਬਿਆਨ ਵਿੱਚ, ਸੂਰਜ ਪੰਚੋਲੀ ਨੇ ਕਿਹਾ ਕਿ ਉਹ ਜਾਂਚ ਵਿੱਚ ਸੀਬੀਆਈ ਦਾ ਸਹਿਯੋਗ ਜਾਰੀ ਰੱਖਣਗੇ, ਨਾਲ ਹੀ ਉਨ੍ਹਾਂ ਨੇ ਦੁਹਰਾਇਆ ਕਿ ਉਹ ਕਦੇ ਵੀ ਦਿਸ਼ਾ ਸਲਿਆਨ ਨੂੰ ਨਹੀਂ ਮਿਲੇ ਅਤੇ ਉਨ੍ਹਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਜਾਂ ਸੰਪਰਕ ਨਹੀਂ ਸੀ। ਉਨ੍ਹਾਂ ਦੀ ਪੋਸਟ ਵਿੱਚ ਲਿਖਿਆ ਸੀ, “ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਮਰਹੂਮ ਦਿਸ਼ਾ ਸਲਿਆਨ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਹੀਂ ਮਿਲਿਆ। ਮੈਂ ਆਪਣੀ ਜ਼ਿੰਦਗੀ ਵਿੱਚ ਆਦਿਤਿਆ ਠਾਕਰੇ ਨੂੰ ਵੀ ਕਦੇ ਨਹੀਂ ਮਿਲਿਆ! ਸੱਚ ਕਹਾਂ ਤਾਂ, ਮੇਰਾ ਨਾਮ ਅਜਿਹੀ ਚੀਜ਼ ਵਿੱਚ ਘਸੀਟਿਆ ਜਾਣਾ ਬਹੁਤ ਗਲਤ ਅਤੇ ਬੇਹੱਦ ਦੁਖਦਾਈ ਹੈ ਜਿਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਖਾਸ ਕਰਕੇ ਉਦੋਂ ਜਦੋਂ ਮੈਨੂੰ ਇਸ ਮਾਮਲੇ ਨਾਲ ਜੋੜਨ ਵਾਲਾ ਕੋਈ ਸਬੂਤ ਜਾਂ ਗਵਾਹੀ ਮੌਜੂਦ ਨਹੀਂ ਹੈ।” ਉਨ੍ਹਾਂ ਦੀ ਇਹ ਪੋਸਟ ਸੀਬੀਆਈ ਵੱਲੋਂ ਦਿਸ਼ਾ ਸਲਿਆਨ ਦੀ 2020 ਵਿੱਚ ਹੋਈ ਮੌਤ ਦੀ ਜਾਂਚ ਸ਼ੁਰੂ ਕਰਨ ਲਈ FIR ਦਰਜ ਕਰਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ। ਇਹ ਕਾਰਵਾਈ ਬੰਬੇ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਐਫਆਈਆਰ ਦਰਜ ਕਰਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਕੀਤੀ ਗਈ ਹੈ। ਦਿਸ਼ਾ ਸਲਿਆਨਦੇ ਪਿਤਾ ਸਤੀਸ਼ ਸਲਿਆਨ ਦੀ ਨੁਮਾਇੰਦਗੀ ਕਰ ਰਹੇ ਵਕੀਲ ਨਿਲੇਸ਼ ਓਝਾ ਨੇ ਸੋਮਵਾਰ ਨੂੰ ਕਿਹਾ ਕਿ ਸੀਬੀਆਈ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਸ਼ਿਵ ਸੈਨਾ-ਯੂਬੀਟੀ (Shiv Sena-UBT) ਨੇਤਾ ਆਦਿਤਿਆ ਠਾਕਰੇ, ਰੋਹਨ ਰਾਏ, ਰੀਆ ਚੱਕਰਵਰਤੀ, ਪਰਮਬੀਰ ਸਿੰਘ, ਡੀਨੋ ਮੋਰਿਆ, ਸੂਰਜ ਪੰਚੋਲੀ, ਆਦਿਤਿਆ ਠਾਕਰੇ ਦੇ ਬਾਡੀਗਾਰਡ, ਤਤਕਾਲੀ ਡੀਸੀਪੀ ਵਿਸ਼ਾਲ ਠਾਕੁਰ, ਮਾਲਵਾਨੀ ਪੁਲਸ ਸਟੇਸ਼ਨ ਦੇ ਪੀਆਈ (PI), ਐਸਆਈਟੀ (SIT) ਦੇ ਮੈਂਬਰ, ਇੱਕ ਡਾਕਟਰ ਅਤੇ ਇੱਕ ਕੈਮੀਕਲ ਐਨਾਲਿਸਟ ਦੇ ਨਾਮ ਸ਼ਾਮਲ ਹਨ। ਸੂਰਜ ਨੇ ਦਾਅਵਾ ਕੀਤਾ ਕਿ ਕਈ ਸਾਲ ਪਹਿਲਾਂ ਸੀਬੀਆਈ ਅਤੇ ਪੁਲਸ ਦੋਵਾਂ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਅਤੇ ਉਨ੍ਹਾਂ ਦਾ ਬਿਆਨ “ਲਗਭਗ 4-5 ਸਾਲ ਪਹਿਲਾਂ” ਦਰਜ ਕਰ ਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ, “ਮੈਂ ਲੰਬੇ ਸਮੇਂ ਤੱਕ ਚੁੱਪ ਰਿਹਾ ਕਿਉਂਕਿ ਮੈਂ ਆਪਣੇ ਬਾਰੇ ਲਿਖੀ ਗਈ ਹਰ ਰਿਪੋਰਟ ਜਾਂ ਹਰ ਖਬਰ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਸੀ। ਪਰ ਜਦੋਂ ਉਹੀ ਚੀਜ਼ ਵਾਰ-ਵਾਰ ਹੁੰਦੀ, ਤਾਂ ਇਕ ਸਮਾਂ ਅਜਿਹਾ ਆਉਂਦਾ ਹੈ, ਜਦੋਂ ਤੁਹਾਨੂੰ ਆਪਣੇ ਪੱਖ ਵਿੱਚ ਬੋਲਣਾ ਹੀ ਪੈਂਦਾ ਹੈ। ਇਸ ਮਾਮਲੇ ਸਬੰਧੀ, ਸੀਬੀਆਈ (CBI) ਅਤੇ ਪੁਲਸ ਮੇਰੇ ਕੋਲੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ ਅਤੇ ਲਗਭਗ 4-5 ਸਾਲ ਪਹਿਲਾਂ ਇਨ੍ਹਾਂ ਏਜੰਸੀਆਂ ਵੱਲੋਂ ਮੇਰਾ ਬਿਆਨ ਦਰਜ ਕੀਤਾ ਗਿਆ ਸੀ।” ਸੂਰਜ ਨੇ ਕਿਹਾ ਕਿ ਉਸ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਅਤੇ ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਦੇਖੀ ਹਰ ਗੱਲ ‘ਤੇ ਯਕੀਨ ਨਾ ਕਰਨ ਜਾਂ ਪੂਰੇ ਤੱਥ ਜਾਣੇ ਬਿਨਾਂ ਕੋਈ ਰਾਏ ਨਾ ਬਣਾਉਣ। ਮੈਂ ਦਿਸ਼ਾ ਸਲਿਆਨ ਦੀ ਮੌਤ ਨਾਲ ਜੁੜੇ ਹਾਲਾਤਾਂ ਦੀ ਨਿਰਪੱਖ ਅਤੇ ਡੂੰਘਾਈ ਨਾਲ ਸੀਬੀਆਈ ਜਾਂਚ ਦਾ ਪੂਰਾ ਸਮਰਥਨ ਕਰਦਾ ਹਾਂ।” ਦੱਸ ਦੇਈਏ ਕਿ ਸਲਿਆਨ ਦੀ ਮੌਤ 8 ਜੂਨ 2020 ਨੂੰ ਮੁੰਬਈ ਦੇ ਮਲਾਡ ਖੇਤਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਹੋਈ ਸੀ। ਇਸ ਤੋਂ ਇੱਕ ਹਫਤੇ ਬਾਦਅ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ, ਜਿਸ ਨਾਲ ਦੋਵਾਂ ਮੌਤਾਂ ਵਿਚਕਾਰ ਸੰਭਾਵਿਤ ਸਬੰਧ ਬਾਰੇ ਕਿਆਸ ਅਰਾਈਆਂ ਲੱਗੀਆਂ ਸਨ।

