Gippy Grewal mistreated on Air Canada; shares post on social media
ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ ‘ਚ ਹੋਈ ਬਦਸਲੂਕੀ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ
ਟੋਰਾਂਟੋ (ਆਵਾਜ਼ਿ ਕੌਮ ਬਿਊਰੋ)- ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਟਵਿੱਟਰ) ‘ਤੇ ਇੱਕ ਪੋਸਟ ਸਾਂਝੀ ਕਰਕੇ ਏਅਰ ਕੈਨੇਡਾ ਦੀ ਉਡਾਣ ਦੌਰਾਨ ਆਪਣੇ ਨਾਲ ਹੋਏ ਮਾੜੇ ਤਜਰਬੇ ਦਾ ਪ੍ਰਗਟਾਵਾ ਕੀਤਾ ਹੈ। ਗਿੱਪੀ ਗ੍ਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਉਡਾਣ AC1504 ਲਈ ਬਿਜ਼ਨਸ ਕਲਾਸ ਦੀ ਟਿਕਟ ਦਾ ਭੁਗਤਾਨ ਕੀਤਾ ਸੀ, ਪਰ ਏਅਰਲਾਈਨ ਵੱਲੋਂ ਉਨ੍ਹਾਂ ਨੂੰ ਇਕਾਨਮੀ ਕਲਾਸ ਵਿੱਚ ਬਿਠਾ ਦਿੱਤਾ ਗਿਆ। ਗਿੱਪੀ ਗਰੇਵਾਲ ਅਨੁਸਾਰ ਜਦੋਂ ਉਨ੍ਹਾਂ ਨੇ ਇਸ ਸਬੰਧੀ ਏਅਰਲਾਈਨ ਸਟਾਫ਼ ਤੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੂੰ ਜਵਾਬ ਮਿਲਿਆ ਕਿ “ਇਹ ਹੋ ਗਿਆ ਹੈ, ਅਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਉਡਾਣ ਲੈ ਸਕਦੇ ਹੋ ਜਾਂ ਛੱਡ ਸਕਦੇ ਹੋ”। ਉਨ੍ਹਾਂ ਕਿਹਾ ਕਿ ਸਟਾਫ਼ ਵੱਲੋਂ ਇੱਕ ਸਧਾਰਨ ਮੁਆਫ਼ੀ ਵੀ ਨਹੀਂ ਮੰਗੀ ਗਈ। ਗਿੱਪੀ ਗਰੇਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਰਨ ਪੁੱਛਣਾ ਜਾਰੀ ਰੱਖਿਆ, ਤਾਂ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦੇਣ ਦੀ ਗੱਲ ਕਹੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੋਈ ਵਾਧੂ ਸੁਵਿਧਾ ਨਹੀਂ ਮੰਗ ਰਹੇ ਸਨ, ਸਿਰਫ਼ ਉਸੇ ਬਿਜ਼ਨਸ ਕਲਾਸ ਸੀਟ ਅਤੇ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਸਨ ਜਿਸ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਸੀ। ਗਿੱਪੀ ਗਰੇਵਾਲ ਦੇ ਇਸ ਟਵੀਟ ਤੋਂ ਬਾਅਦ ਏਅਰ ਕੈਨੇਡਾ ਨੇ ‘ਐਕਸ’ ‘ਤੇ ਜਵਾਬ ਦਿੰਦਿਆਂ ਇਸ ਘਟਨਾ ਲਈ ਖੇਦ ਪ੍ਰਗਟਾਇਆ ਅਤੇ ਮੁਆਫ਼ੀ ਮੰਗੀ। ਏਅਰਲਾਈਨ ਨੇ ਉਨ੍ਹਾਂ ਨੂੰ ਆਪਣਾ ਬੁਕਿੰਗ ਰੈਫ਼ਰੈਂਸ ਅਤੇ ਪੂਰਾ ਨਾਂ ਪ੍ਰਾਈਵੇਟ ਮੈਸੇਜ (DM) ਰਾਹੀਂ ਭੇਜਣ ਦੀ ਅਪੀਲ ਕੀਤੀ ਤਾਂ ਜੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ।

