Pakistani gang launches life-threatening attack on Indian man in Paris
ਪੈਰਿਸ ਵਿਚ ਪਾਕਿਸਤਾਨੀ ਗੈਂਗ ਨੇ ਭਾਰਤੀ ਵਿਅਕਤੀ ‘ਤੇ ਕੀਤਾ ਜਾਨਲੇਵਾ ਹਮਲਾ
ਪੈਰਿਸ (ਆਵਾਜ਼ਿ ਕੌਮ ਬਿਊਰੋ)-ਪੈਰਿਸ ਵਿਚ ਇਕ ਭਾਰਤੀ ਵਿਅਕਤੀ ‘ਤੇ ਪਾਕਿਸਤਾਨੀ ਗੈਂਗ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਅਰਜੁਨ ਵਜੋਂ ਹੋਈ ਹੈ, ਜੋ ਬੋਬੀਨੀ ਜ਼ਿਲ੍ਹੇ ਦੀ ਗਲੀ ਜੂਲੇਜ ਵਾਲੇਜ ਵਿਚ ਪੈਂਦੀ ਨਾਈ ਦੀ ਦੁਕਾਨ ਉੱਪਰ ਕੰਮ ਕਰਦਾ ਸੀ ਤੇ ਇਕ-ਦੋ ਦਿਨ ਪਹਿਲਾਂ ਕੁਝ ਲੋਕਾਂ ਨਾਲ ਵਾਲ ਕਟਵਾਉਣ ਦੇ ਪੈਸਿਆਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਜਿਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਰਲ਼ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ, ਇਹ ਘਟਨਾ ਮੰਗਲਵਾਰ ਅਤੇ ਬੁਧਵਾਰ ਦੀ ਦਰਮਿਆਨੀ ਰਾਤ ਨੂੰ ਕਰੀਬਨ ਸਾਢੇ 10 ਵਜੇ ਵਾਪਰੀ, ਜਦ ਅਰਜੁਨ ਆਪਣੇ ਇਕ ਹੋਰ ਸਾਥੀ ਦੇ ਨਾਲ ਦੁਕਾਨ ਬੰਦ ਕਰ ਰਿਹਾ ਸੀ। ਇੰਨੇ ਨੂੰ ਪਾਕਿਸਤਾਨੀ ਗੈਂਗ ਦੇ ਲੱਗਭੱਗ 10 ਵਿਆਕਤੀਆਂ ਨੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਫਰੈਂਚ ਪੁਲਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਭੱਜਣ ਵਿਚ ਕਾਮਯਾਬ ਹੋ ਗਏ ਹਨ। ਐਪਰ ਕੈਮਰਿਆਂ ਵਿਚ ਉਨ੍ਹਾਂ ਦੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਹਨ, ਜਿਸ ਕਰਕੇ ਉਨ੍ਹਾਂ ਦਾ ਬਚਣਾ ਨਾਮੁਮਕਿਨ ਹੈ। ਹਸਪਤਾਲ ‘ਚ ਪਿਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਅਰਜੁਨ ਖ਼ਬਰ ਲਿਖੇ ਜਾਣ ਤੱਕ ਬੇਹੋਸ਼ ਪਿਆ ਹੋਇਆ ਹੈ। ਡਾਕਟਰਾਂ ਦੇ ਦੱਸਣ ਮੁਤਾਬਿਕ ਉਸ ਦਾ ਬਚਣਾ ਬਹੁਤ ਔਖਾ ਹੈ। ਫਰਾਂਸ ਵਿਚ ਸਥਿਤ ਭਾਰਤੀ ਅੰਬੇਸੀ ਨੇ ਵੀ ਇਸ ਕ੍ਰਿਮੀਨਲ ਕੇਸ ਉੱਪਰ ਨਜ਼ਰ ਰੱਖੀ ਹੋਈ ਹੈ।

