Shameful act in Scotland: Nurse convicted of swindling £185,000 in pension payments by faking cancer
ਸਕਾਟਲੈਂਡ ‘ਚ ਸ਼ਰਮਨਾਕ ਕਰਤੂਤ: ਕੈਂਸਰ ਦਾ ਝੂਠਾ ਢੋਂਗ ਰਚ ਕੇ £1.85 ਲੱਖ ਦੀ ਪੈਨਸ਼ਨ ਠੱਗਣ ਵਾਲੀ ਨਰਸ ਦੋਸ਼ੀ ਕਰਾਰ
ਗਲਾਸਗੋ (ਆਵਾਜ਼ਿ ਕੌਮ ਬਿਊਰੋ)-ਸਕਾਟਲੈਂਡ ਦੀ ਇੱਕ ਬੱਚਿਆਂ ਦੀ ਨਰਸ ਨੂੰ ਖੁਦ ਨੂੰ ਕੈਂਸਰ ਹੋਣ ਦਾ ਝੂਠਾ ਦਿਖਾਵਾ ਕਰਨ ਅਤੇ £185,000 ਤੋਂ ਵੱਧ ਦੀ ਪੈਨਸ਼ਨ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਨਰਸਾਂ ਦੇ ਰਜਿਸਟਰ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਮਾਂਡਾ ਰੀਡ ਨੂੰ ਮੁਇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਪਰਿਵਾਰ, ਬੱਚਿਆਂ ਅਤੇ ਮੈਡੀਕਲ ਪੇਸ਼ੇਵਰਾਂ ਨੂੰ ਇਹ ਯਕੀਨ ਦਿਵਾ ਦਿੱਤਾ ਕਿ ਉਹ “ਮੌਤ ਦੇ ਬਿਲਕੁਲ ਨੇੜੇ” ਸੀ, ਜਦਕਿ ਉਹ ਜਾਣਦੀ ਸੀ ਕਿ ਇਹ ਕੋਰਾ ਝੂਠ ਹੈ। ਉਸਨੇ ਆਪਣਾ ਸਿਰ ਮੁੰਨਵਾ ਕੇ ਅਤੇ ਭਾਰ ਘਟਾਉਣ ਵਾਲੀ ਦਵਾਈ ਲੈ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਖੂਨ ਦੇ ਕੈਂਸਰ ਨਾਲ ਜੂਝ ਰਹੀ ਹੈ। ਨਰਸਿੰਗ ਐਂਡ ਮਿਡਵਾਈਫਰੀ ਕੌਂਸਲ (NMC) ਦੀ ਕਮੇਟੀ ਨੇ ਸੁਣਵਾਈ ਦੌਰਾਨ ਪਾਇਆ ਕਿ ਗੰਭੀਰ ਬਿਮਾਰੀ ਦਾ ਯਕੀਨ ਦਿਵਾਉਣ ਲਈ ਕੁੱਲ 16 ਮੈਡੀਕਲ ਚਿੱਠੀਆਂ ਜਾਅਲੀ ਬਣਾਈਆਂ ਗਈਆਂ ਸਨ। ਇਨ੍ਹਾਂ ਵਿੱਚ ਐਡਿਨਬਰਾ ਦੇ ਸਪਾਈਰ ਹਸਪਤਾਲ ਦਾ ਲੋਗੋ ਲੱਗੇ ਦਸਤਾਵੇਜ਼ ਵੀ ਸ਼ਾਮਲ ਸਨ। ਸਾਬਕਾ ਸਿਹਤ ਕਰਮਚਾਰੀ ਨੇ ਖੁਦ ਦਾਅਵਾ ਕੀਤਾ ਕਿ ਉਸ ਨੂੰ ਫੈਕਟੀਸ਼ਸ ਡਿਸਆਰਡਰ “ਮੁਨਖਾਊਜ਼ਨ ਸਿੰਡਰੋਮ” ਹੈ। ਇਸ ਤੋਂ ਇਲਾਵਾ ਤਿੰਨ ਸਾਲ ਤੋਂ ਵੱਧ ਸਮੇਂ ਦੌਰਾਨ ਉਸਨੇ ਐੱਨਐੱਚਐੱਸ ਤੋਂ ਨਿਯੰਤਰਿਤ ਦਵਾਈਆਂ ਵੀ ਧੋਖੇ ਨਾਲ ਹਾਸਲ ਕੀਤੀਆਂ। ਲਿਵਿੰਗਸਟਨ ਸ਼ੈਰਿਫ ਕੋਰਟ ਵਿੱਚ ਉਸ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਟ੍ਰਿਬਿਊਨਲ ਨੂੰ ਦੱਸਿਆ ਗਿਆ ਕਿ ਉਸਨੇ ਸਕਾਟਿਸ਼ ਪਬਲਿਕ ਪੈਨਸ਼ਨਜ ਏਜੰਸੀ ਕੋਲ ਝੂਠਾ ਦਾਅਵਾ ਕੀਤਾ ਸੀ ਕਿ ਉਹ ਲਿਊਕੀਮੀਆ ਨਾਲ ਆਖਰੀ ਪੜਾਅ ਦੀ ਬਿਮਾਰੀ ਵਿੱਚ ਹੈ ਅਤੇ ਇਸ ਕਾਰਨ ਉਹ ਵਿਸ਼ੇਸ਼ ਪੈਨਸ਼ਨ ਭੁਗਤਾਨਾਂ ਦੀ ਹੱਕਦਾਰ ਹੈ। ਸਤੰਬਰ 2025 ਵਿੱਚ ਉਸਨੇ 13 ਅਪ੍ਰੈਲ 2021 ਤੋਂ 31 ਅਗਸਤ 2024 ਤੱਕ ਸਕਾਟਿਸ਼ ਪਬਲਿਕ ਪੈਨਸ਼ਨਜ ਏਜੰਸੀ ਨਾਲ ਧੋਖਾਧੜੀ ਕਰਕੇ £185,442.95 ਹਾਸਲ ਕਰਨ ਦਾ ਦੋਸ਼ ਕਬੂਲ ਕੀਤਾ। ਪੈਨਲ ਨੇ ਦੱਸਿਆ ਕਿ ਇਸ ਰਕਮ ਵਿੱਚੋਂ ਕੁਝ ਪੈਸਾ ਦੁਬਈ ਦੀ ਯਾਤਰਾ ’ਤੇ ਵੀ ਖਰਚ ਕੀਤਾ ਗਿਆ ਸੀ ਅਤੇ ਇਸ ਸਬੰਧੀ ਜੱਜ ਦੀ ਸਜ਼ਾ ਸੁਣਾਉਣ ਸਮੇਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਗਿਆ। ਰੀਡ ਨੇ ਦਾਅਵਾ ਕੀਤਾ ਕਿ ਉਸ ਨੂੰ ਮੁਨਖਾਊਜ਼ਨ ਸਿੰਡਰੋਮ ਹੈ ਅਤੇ ਉਸਦੀ ਧੋਖਾਧੜੀ ਦੇ ਪਿੱਛੇ ਵਿੱਤੀ ਲਾਭ ਹਾਸਲ ਕਰਨ ਦੀ ਕੋਈ ਪ੍ਰੇਰਣਾ ਨਹੀਂ ਸੀ। ਹਾਲਾਂਕਿ, ਸਜ਼ਾ ਤੋਂ ਪਹਿਲਾਂ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਸੋਸ਼ਲ ਵਰਕਰ ਨੇ ਕਿਹਾ ਕਿ ਉਹ ਇਸ ਬਿਮਾਰੀ ਦੀ ਪਛਾਣ ਦੀ “ਸੁਤੰਤਰ ਤੌਰ ’ਤੇ ਪੁਸ਼ਟੀ ਕਰਨ ਵਿੱਚ ਅਸਮਰੱਥ” ਰਹੇ। ਐੱਨਐੱਚਐੱਸ ਦੇ ਅਨੁਸਾਰ, ਇਸ ਮਨੋਵਿਗਿਆਨਕ ਸਥਿਤੀ ਵਾਲੇ ਲੋਕ ਕਈ ਵਾਰ ਆਪਣੇ ਆਪ ਨੂੰ ਬਿਮਾਰ ਦਿਖਾਉਣ ਜਾਂ ਜਾਣਬੁੱਝ ਕੇ ਆਪਣੇ ਅੰਦਰ ਬਿਮਾਰੀ ਦੇ ਲੱਛਣ ਪੈਦਾ ਕਰਨ ਦਾ ਦਿਖਾਵਾ ਕਰ ਸਕਦੇ ਹਨ।

