2.5 million flowers in bloom at an altitude of 10,600 feet; ‘Flower Garden’ opens in Ladakh
10,600 ਫੁੱਟ ਦੀ ਉਚਾਈ ‘ਤੇ ਖਿੜੇ 25 ਲੱਖ ਫੁੱਲ, ਲੱਦਾਖ ‘ਚ ਖੁੱਲ੍ਹਿਆ ‘ਫਲਾਵਰ ਗਾਰਡਨ’
ਲੇਹ (ਆਵਾਜ਼ਿ ਕੌਮ ਬਿਊਰੋ)- ਲੱਦਾਖ ਦੀਆਂ ਸੁੰਨੀਆਂ ਪਹਾੜੀਆਂ ਦੇ ਵਿਚਕਾਰ 10,600 ਫੁੱਟ ਦੀ ਉਚਾਈ ‘ਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਿਆ ਇੱਕ ਸ਼ਾਨਦਾਰ ਫਲਾਵਰ ਗਾਰਡਨ ਆਮ ਲੋਕਾਂ ਅਤੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਲੇਹ ਦੇ ਚੋਗਲਾਮਸਰ ਅਤੇ ਸਟਕਨਾ ਖੇਤਰ ਵਿੱਚ 40 ਏਕੜ ਖੇਤਰ ਵਿੱਚ ਫੈਲੇ ਦੋ ਵੱਡੇ ਫਲਾਵਰ ਫੀਲਡਜ਼ ਤਿਆਰ ਕੀਤੇ ਗਏ ਹਨ, ਜਿੱਥੇ 25 ਲੱਖ ਤੋਂ ਵੱਧ ਫੁੱਲ ਲਗਾਏ ਗਏ ਹਨ। ਲਦਾਖ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਵਿਸ਼ਵ ਵਿੱਚ ਸਭ ਤੋਂ ਵੱਧ ਉਚਾਈ ‘ਤੇ ਸਥਿਤ ‘ਟਵਿਨ ਫਲਾਵਰ ਫੀਲਡਜ਼’ ਹਨ। ਇਸ ਖੂਬਸੂਰਤ ਫਲਾਵਰ ਗਾਰਡਨ ਦਾ ਉਦਘਾਟਨ 18 ਸਤੰਬਰ ਨੂੰ ਲੱਦਾਖ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੇਨਾ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਦੇ ਮੌਕੇ ‘ਤੇ ਕੀਤਾ ਗਿਆ। ਇਨ੍ਹਾਂ ਫੀਲਡਜ਼ ਵਿੱਚ ਲਗਭਗ 24 ਲੱਖ ਤੋਂ ਵੱਧ ਲਿਲੀਅਮ ਅਤੇ ਲਗਭਗ 1 ਲੱਖ ਗਲੈਡੀਓਲਸ ਦੇ ਫੁੱਲ ਸ਼ਾਮਲ ਹਨ। ਪੀਲੇ, ਚਿੱਟੇ, ਸੰਤਰੀ ਅਤੇ ਲਾਲ ਰੰਗਾਂ ਦੇ ਇਹ ਫੁੱਲ ਲੱਦਾਖ ਦੀਆਂ ਪਹਾੜੀਆਂ ਵਿਚਕਾਰ ਇੱਕ ਬੇਹੱਦ ਆਕਰਸ਼ਕ ਨਜ਼ਾਰਾ ਪੇਸ਼ ਕਰ ਰਹੇ ਹਨ। ਇਸ ਅਨੋਖੇ ਫਲਾਵਰ ਗਾਰਡਨ ਵਿੱਚ ਸੈਲਾਨੀਆਂ ਲਈ ਐਂਟਰੀ ਟਿਕਟ ਮਾਤਰ 25 ਰੁਪਏ ਰੱਖੀ ਗਈ ਹੈ, ਜਦਕਿ ਬੱਚਿਆਂ ਲਈ ਟਿਕਟ ਦੀ ਕੀਮਤ 10 ਰੁਪਏ ਹੈ। ਪ੍ਰਸ਼ਾਸਨ ਮੁਤਾਬਕ ਟਿਕਟਾਂ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਇਸ ਬਗੀਚੇ ਦੀ ਦੇਖਭਾਲ ਅਤੇ ਰੱਖ-ਰਖਾਅ ਲਈ ਕੀਤੀ ਜਾਵੇਗੀ। ਚੋਗਲਾਮਸਰ ਵਿੱਚ 16 ਜੁਲਾਈ ਤੋਂ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿੱਥੇ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਫੁੱਲ ਖਿੜਨੇ ਸ਼ੁਰੂ ਹੋ ਗਏ। ਦੂਜੇ ਪਾਸੇ, ਸਟਕਨਾ ਵਿੱਚ ਅਗਸਤ ਤੋਂ ਹੁਣ ਤੱਕ ਲਗਭਗ 14 ਲੱਖ ਲਿਲੀਅਮ ਦੇ ਪੌਦੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਦੇ ਅਕਤੂਬਰ ਦੇ ਅੰਤ ਤੱਕ ਖਿੜਨ ਦੀ ਉਮੀਦ ਹੈ। ਇਹ ਪ੍ਰੋਜੈਕਟ ਸਿਰਫ਼ ਸੈਰ-ਸਪਾਟੇ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਮੁੱਖ ਉਦੇਸ਼ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣਾ, ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਫੁੱਲਾਂ ਦੀ ਵਪਾਰਕ ਖੇਤੀ ਰਾਹੀਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਥੋਕ ਬਾਜ਼ਾਰ ਵਿੱਚ ਲਿਲੀਅਮ ਦੇ ਇੱਕ ਡੰਠਲ ਦੀ ਕੀਮਤ 60 ਤੋਂ 70 ਰੁਪਏ ਤੱਕ ਮਿਲ ਸਕਦੀ ਹੈ, ਇਸੇ ਲਈ ਇਸ ਦੀ ਵਪਾਰਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਹਿਲੇ ਸਾਲ ਖੇਤੀਬਾੜੀ ਵਿਭਾਗ ਇਸ ਪ੍ਰੋਜੈਕਟ ਨੂੰ ਚਲਾਏਗਾ ਅਤੇ ਬਾਅਦ ਵਿੱਚ ਇਸ ਨੂੰ ਚੁਣੇ ਹੋਏ ਸੈਲਫ਼-ਹੈਲਪ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ ਨੂੰ ਸੌਂਪ ਦਿੱਤਾ ਜਾਵੇਗਾ।

