PM Albanese’s US visit falls flat; misses meeting with Trump
PM ਅਲਬਾਨੀਜ਼ ਦਾ ਅਮਰੀਕਾ ਦੌਰਾ ਪਿਆ ਫਿੱਕਾ, ਟਰੰਪ ਨਾਲ ਮੁਲਾਕਾਤ ਤੋਂ ਰਹੇ ਵਾਂਝੇ
ਮੈਲਬੌਰਨ (ਆਵਾਜ਼ਿ ਕੌਮ ਬਿਊਰੋ)-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਛੇ ਦਿਨਾਂ ਅਮਰੀਕਾ ਦੌਰੇ ਦੌਰਾਨ ਉਸ ਵੇਲੇ ਵੱਡਾ ਰਾਜਨੀਤਕ ਝਟਕਾ ਲੱਗਾ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਫ਼ਤਰ ਵੱਲੋਂ ਉਨ੍ਹਾਂ ਨਾਲ ਕਿਸੇ ਵੀ ਦੁਵੱਲੀ ਮੁਲਾਕਾਤ ਲਈ ਸਮਾਂ ਨਹੀਂ ਦਿੱਤਾ ਗਿਆ। ਕੈਲੀਫੋਰਨੀਆ ਦੇ ਸੈਨ ਹੋਜ਼ੇ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਕਿਸੇ ਵੀ ਅਮਰੀਕੀ ਅਧਿਕਾਰੀ ਜਾਂ ਰੈੱਡ ਕਾਰਪੇਟ ਦੀ ਬਜਾਏ ਸਿਰਫ਼ ਆਸਟ੍ਰੇਲੀਆ ਦੇ ਰਾਜਦੂਤ ਗ੍ਰੇਗ ਮੋਰੀਆਰਟੀ ਨੇ ਹੀ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੂੰ ਟਰੰਪ ਨਾਲ ਸਿਰਫ਼ ਇੱਕ ਆਮ ਸਵਾਗਤੀ ਸਮਾਗਮ ਵਿੱਚ ਹੀ ਮਿਲਣ ਦਾ ਮੌਕਾ ਮਿਲੇਗਾ, ਜਿੱਥੇ 100 ਤੋਂ ਵੱਧ ਹੋਰ ਵਿਸ਼ਵ ਨੇਤਾ ਵੀ ਮੌਜੂਦ ਹੋਣਗੇ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੌਰਾਨ ਕਰਵਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਵੀ ਅਲਬਾਨੀਜ਼ ਨੂੰ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇੱਕ ਪੱਤਰਕਾਰ ਨੇ ਆਸਟ੍ਰੇਲੀਆ ਵਿੱਚ ਡਿੱਗ ਰਹੇ ਜਨਤਕ ਸਮਰਥਨ, ਬੋਂਡੀ ਬੀਚ ਹਮਲੇ ਦੀ ਜਾਂਚ ਅਤੇ ‘ਗਲੋਬਲ ਸਿਟੀਜ਼ਨ’ ਐਵਾਰਡ ਪ੍ਰਾਪਤ ਕਰਨ ਬਾਰੇ ਸਿੱਧੇ ਸਵਾਲ ਦਾਗੇ। ਪ੍ਰਧਾਨ ਮੰਤਰੀ ਨੇ ਇਨ੍ਹਾਂ ਤਿੱਖੇ ਸਵਾਲਾਂ ਦਾ ਜਵਾਬ ਸਿਰਫ਼ ਇੱਕ ਸ਼ਬਦ “ਨਹੀਂ” ਵਿੱਚ ਦਿੱਤਾ ਅਤੇ ਅਗਲੇ ਪੱਤਰਕਾਰ ਵੱਲ ਰੁਖ਼ ਕਰ ਲਿਆ। ਇਹ ਪ੍ਰੈੱਸ ਕਾਨਫਰੰਸ ਸਾਲ 2029-2030 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਗੈਰ-ਸਥਾਈ ਸੀਟ ਲਈ ਆਸਟ੍ਰੇਲੀਆ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨ ਲਈ ਰੱਖੀ ਗਈ ਸੀ, ਜਿੱਥੇ ਇਸ ਦੋ-ਸੀਟਾਂ ਵਾਲੀ ਸ਼੍ਰੇਣੀ ਵਿੱਚ ਆਸਟ੍ਰੇਲੀਆ ਦੇ ਨਾਲ ਫਿਨਲੈਂਡ ਹੀ ਦੂਜਾ ਉਮੀਦਵਾਰ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕੈਲੀਫੋਰਨੀਆ ਵਿੱਚ ਐਪਲ ਪਾਰਕ ਦਾ ਦੌਰਾ ਕੀਤਾ ਅਤੇ ਐਪਲ ਦੇ ਐਗਜ਼ੈਕਟਿਵ ਚੇਅਰਮੈਨ ਟਿਮ ਕੁੱਕ ਨਾਲ ਮੁਲਾਕਾਤ ਕੀਤੀ। ਅਲਬਾਨੀਜ਼ ਨੇ ਦਾਅਵਾ ਕੀਤਾ ਕਿ ਆਸਟ੍ਰੇਲੀਆ ਆਨਲਾਈਨ ਸੁਰੱਖਿਆ ਦੇ ਮਾਮਲੇ ਵਿੱਚ ਵਿਸ਼ਵ ਆਗੂ ਹੈ, ਪਰ ਆਸਟ੍ਰੇਲੀਆਈ ਈ-ਸੇਫਟੀ ਕਮਿਸ਼ਨਰ ਦੇ ਅੰਕੜਿਆਂ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ 81.5% ਬੱਚੇ ਪਾਬੰਦੀ ਦੇ ਬਾਵਜੂਦ ਅਜੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ।

