6 children die by drowning while bathing in a pond; incident occurs in Bhagalpur
ਤਲਾਅ ‘ਚ ਨਹਾਉਂਦੇ ਸਮੇਂ ਡੁੱਬਣ ਨਾਲ 6 ਜਵਾਕਾਂ ਦੀ ਮੌਤ, ਭਾਗਲਪੁਰ ‘ਚ ਵਾਪਰਿਆ ਹਾਦਸਾ
ਭਾਗਲਪੁਰ (ਆਵਾਜ਼ਿ ਕੌਮ ਬਿਊਰੋ)-ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ‘ਚ ਕਰਮਾ-ਧਰਮਾ ਤਿਉਹਾਰ ਮੌਕੇ ਸੋਮਵਾਰ ਨੂੰ ਤਲਾਅ ‘ਚ ਇਸ਼ਨਾਨ ਦੌਰਾਨ ਤਿੰਨ ਕੁੜੀਆਂ ਸਮੇਤ 6 ਜਵਾਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਅਨੁਸਾਰ, ਇਹ ਹਾਦਸਾ ਸਵੇਰੇ ਕਰੀਬ 10.30 ਵਜੇ ਸੁਲਤਾਨਗੰਜ ਥਾਣਾ ਖੇਤਰ ਦੇ ਤਰੈਟਾ ਬਹਿਆਰ ਸਥਿਤ ਇਕ ਤਾਲਾਬ ‘ਚ ਵਾਪਰਿਆ, ਜਿੱਥੇ ਜਵਾਕ ਕਰਮਾ-ਧਰਮਾ ਤਿਉਹਾਰ ਮੌਕੇ ਇਸ਼ਨਾਨ ਕਰਨ ਗਏ ਸਨ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪੂਜਾ ਕੁਮਾਰੀ (13), ਰਾਹੁਲ ਕੁਮਾਰ (14), ਵਿਕਾਸ ਕੁਮਾਰ (13), ਆਯੂਸ਼ ਕੁਮਾਰ (12), ਮੀਨਾਕਸ਼ੀ ਕੁਮਾਰੀ ਉਰਫ਼ ਮਿੰਕੀ (12) ਅਤੇ ਜੋਤੀ ਕੁਮਾਰੀ (14) ਵਜੋਂ ਹੋਈ ਹੈ। ਸਥਾਨਕ ਲੋਕਾਂ ਅਨੁਸਾਰ, ਨਹਾਉਣ ਦੌਰਾਨ ਇਕ ਬੱਚਾ ਡੂੰਘੇ ਪਾਣੀ ‘ਚ ਚਲਾ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹੋਰ ਜਵਾਕ ਵੀ ਪਾਣੀ ‘ਚ ਉਤਰ ਗਏ ਅਤੇ ਸਾਰੇ 6 ਬੱਚੇ ਡੁੱਬੇ ਗਏ। ਸਥਾਨਕ ਨੌਜਵਾਨਾਂ ਨੇ ਜਵਾਕਾਂ ਨੂੰ ਤਲਾਅ ‘ਚੋਂ ਬਾਹਰ ਕੱਢ ਕੇ ਸੁਲਤਾਨਗੰਜ ਰੈਫਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੁਲਤਾਨਗੰਜ ਦੇ ਅੰਚਲ ਅਧਿਕਾਰੀ ਰਮਨ ਕੁਮਾਰ ਅਤੇ ਥਾਣਾ ਮੁਖੀ ਧਨੰਜਯ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਅੰਚਲ ਅਧਿਕਾਰੀ ਰਮਨ ਕੁਮਾਰ ਨੇ ਕਿਹਾ ਕਿ ਸੋਗ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਈ ਜਾਵੇਗੀ ਅਤੇ ਨਿਯਮ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।

