Sharp hike in airfares ahead of the festive season; ticket prices have risen to one-and-a-half to three times the usual rates
ਤਿਉਹਾਰਾਂ ਤੋਂ ਪਹਿਲਾਂ ਹਵਾਈ ਕਿਰਾਏ ’ਚ ਭਾਰੀ ਵਾਧਾ, ਡੇਢ ਤੋਂ ਤਿੰਨ ਗੁਣਾ ਮਹਿੰਗੀਆਂ ਹੋਈਆਂ ਟਿਕਟਾਂ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦੁਰਗਾ ਪੂਜਾ, ਦੀਵਾਲੀ ਅਤੇ ਛੱਠ ਪੂਜਾ ਦਾ ਮੌਸਮ ਨੇੜੇ ਆਉਂਦਿਆਂ ਹੀ ਹਵਾਈ ਕਿਰਾਏ ’ਚ ਵਾਧਾ ਸ਼ੁਰੂ ਹੋ ਗਿਆ ਹੈ। ਤਿਉਹਾਰੀ ਸੀਜ਼ਨ ’ਚ ਘਰ ਪਰਤਣ ਵਾਲੇ ਯਾਤਰੀਆਂ ਦੀ ਵਧਦੀ ਮੰਗ ਦੇ ਕਾਰਨ ਦਿੱਲੀ ਤੋਂ ਪਟਨਾ, ਦਰਭੰਗਾ ਅਤੇ ਕੋਲਕਾਤਾ ਵਰਗੇ ਰੂਟ ’ਤੇ ਟਿਕਟਾਂ ਦੀਆਂ ਕੀਮਤਾਂ ਆਮ ਦਿਨਾਂ ਦੇ ਮੁਕਾਬਲੇ ਬਹੁਤ ਵਧ ਗਈਆਂ ਹਨ। ਵੱਖ-ਵੱਖ ਬੁਕਿੰਗ ਪੋਰਟਲਾਂ ਅਤੇ ਐਵੀਏਸ਼ਨ ਐਕਸਪਰਟਾਂ ਅਨੁਸਾਰ ਕੁਝ ਰੂਟਾਂ ’ਤੇ ਹਵਾਈ ਟਿਕਟਾਂ ਆਮ ਦਿਨਾਂ ਦੇ ਮੁਕਾਬਲੇ ਡੇਢ ਤੋਂ ਤਿੰਨ ਗੁਣਾ ਤੱਕ ਮਹਿੰਗੀਆਂ ਹੋ ਗਈਆਂ ਹਨ। ਆਮ ਦਿਨਾਂ ’ਚ ਦਿੱਲੀ ਤੋਂ ਪਟਨਾ ਦੀ ਟਿਕਟ ਲਗਭਗ 4,500 ਰੁਪਏ ’ਚ ਮਿਲ ਜਾਂਦੀ ਹੈ। ਦੁਰਗਾ ਪੂਜਾ ਦੌਰਾਨ ਇਸ ਦਾ ਸ਼ੁਰੂਆਤੀ ਕਿਰਾਇਆ ਲੱਗਭਗ 6,000 ਰੁਪਏ ਅਤੇ ਛੱਠ ਦੌਰਾਨ ਲਗਭਗ 10,000 ਰੁਪਏ ਤੱਕ ਪਹੁੰਚ ਰਿਹਾ ਹੈ। ਉੱਥੇ ਹੀ ਦੀਵਾਲੀ ਤੋਂ ਠੀਕ ਇਕ ਦਿਨ ਪਹਿਲਾਂ 7 ਨਵੰਬਰ ਨੂੰ ਦਿੱਲੀ-ਪਟਨਾ ਉਡਾਣ ਦਾ ਸ਼ੁਰੂਆਤੀ ਕਿਰਾਇਆ ਲਗਭਗ 14,000 ਰੁਪਏ ਪਹੁੰਚ ਗਿਆ ਹੈ। ਦਿੱਲੀ-ਦਰਭੰਗਾ ਰੂਟ ’ਤੇ ਸੀਮਤ ਉਡਾਣਾਂ ਕਾਰਨ ਕਿਰਾਏ ’ਚ ਹੋਰ ਤੇਜ਼ੀ ਆਈ ਹੈ। ਦੁਰਗਾ ਪੂਜਾ ਦੌਰਾਨ ਸ਼ੁਰੂਆਤੀ ਕਿਰਾਇਆ ਲਗਭਗ 6,500 ਰੁਪਏ, ਜਦਕਿ ਛੱਠ ਪੂਜਾ ਦੇ ਪਹਿਲੇ ਦਿਨ ਇਹ ਲਗਭਗ 12,000 ਰੁਪਏ ਤੱਕ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ-ਕੋਲਕਾਤਾ ਰੂਟ ’ਤੇ ਵੀ ਤਿਉਹਾਰੀ ਸੀਜ਼ਨ ’ਚ ਕਿਰਾਇਆ ਵਧਿਆ ਹੈ। ਦੁਰਗਾ ਪੂਜਾ ਦੌਰਾਨ ਟਿਕਟਾਂ ਲਗਭਗ 8,000 ਰੁਪਏ, ਦੀਵਾਲੀ ’ਤੇ 11,000 ਰੁਪਏ ਅਤੇ ਛੱਠ ਦੌਰਾਨ ਲਗਭਗ 7,500 ਰੁਪਏ ਤੋਂ ਸ਼ੁਰੂ ਹੋ ਰਹੀਆਂ ਹਨ।

