Media entry to White House blocked; news outlets move court against Trump administration
‘ਵ੍ਹਾਈਟ ਹਾਊਸ’ ’ਚ ਮੀਡੀਆ ਦੀ ਐਂਟਰੀ ਰੋਕੀ, ਟਰੰਪ ਪ੍ਰਸ਼ਾਸਨ ਖ਼ਿਲਾਫ਼ ਅਦਾਲਤ ’ਚ ਪਹੁੰਚੇ ਨਿਊਜ਼ ਅਦਾਰੇ
ਨਿਊਯਾਰਕ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਸਮਾਚਾਰ ਅਦਾਰਿਆਂ ‘ਸੀ. ਐੱਨ. ਐੱਨ.’, ‘ਐੱਮ. ਐੱਸ. ਨਾਓ’ ਅਤੇ ‘ਪੋਲੀਟਿਕੋ’ ਨੇ ‘ਵ੍ਹਾਈਟ ਹਾਊਸ’ ਤੋਂ ਕਵਰੇਜ ’ਤੇ ਰੋਕ ਲਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਇਨ੍ਹਾਂ ਅਦਾਰਿਆਂ ਨੇ ਦੋਸ਼ ਲਾਇਆ ਕਿ ਚੋਣਵੇਂ ਤਰੀਕੇ ਨਾਲ ਇਹ ਪਾਬੰਦੀ ਲਾਉਣਾ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ। ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਪਾਬੰਦੀ ਦੇ ਐਲਾਨ ਤੋਂ ਬਾਅਦ ਵੀਕਐਂਡ ’ਤੇ ਰਾਸ਼ਟਰਪਤੀ ਦਫ਼ਤਰ ਵ੍ਹਾਈਟ ਹਾਊਸ ਨੇ ਇਨ੍ਹਾਂ ਅਦਾਰਿਆਂ ਦੀ ਕਵਰੇਜ ’ਤੇ ਰੋਕ ਲਾ ਦਿੱਤੀ। ਟਰੰਪ ਲੰਮੇ ਸਮੇਂ ਤੋਂ ਉਨ੍ਹਾਂ ਪੱਤਰਕਾਰਾਂ ਦੀ ਸਮਾਚਾਰ ਕਵਰੇਜ ’ਤੇ ਰੋਕ ਲਾਉਣ ਦਾ ਯਤਨ ਕਰ ਰਹੇ ਹਨ, ਜਿਨ੍ਹਾਂ ਨਾਲ ਉਹ ਅਸਹਿਮਤ ਹਨ। ਇਹ ਅਮਰੀਕੀ ਸੰਵਿਧਾਨ ’ਚ ਪਹਿਲੀ ਸੋਧ ਨਾਲ ਜੁੜੇ ਅਧਿਕਾਰਾਂ ਦੀ ਇਕ ਪ੍ਰੀਖਿਆ ਵੀ ਹੈ, ਜਿੱਥੇ ਸੰਵਿਧਾਨ ਸਰਕਾਰ ਨੂੰ ਪ੍ਰੈੱਸ ਦੀ ਆਜ਼ਾਦੀ ’ਚ ਰੁਕਾਵਟ ਪਾਉਣ ਤੋਂ ਰੋਕਦਾ ਹੈ। ਪੱਤਰਕਾਰਾਂ ਦੇ ਐਂਟਰੀ ਬੈਜ ਸ਼ਨੀਵਾਰ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਤਿੰਨਾਂ ਸਮਾਚਾਰ ਅਦਾਰਿਆਂ ਨੇ ਆਪਣੇ ਪੱਤਰਕਾਰਾਂ ਨੂੰ ਵ੍ਹਾਈਟ ਹਾਊਸ ’ਚ ਦਾਖਲ ਹੋਣ ਤੋਂ ਰੋਕੇ ਜਾਣ ਦੇ 2 ਦਿਨਾਂ ਬਾਅਦ ਮਾਮਲਾ ਦਰਜ ਕਰਵਾਇਆ ਹੈ। ਉੱਥੇ ਹੀ ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਇਨ੍ਹਾਂ ਅਦਾਰਿਆਂ ’ਤੇ ਪਾਬੰਦੀ ਲਗਾ ਰਹੇ ਹਨ, ਕਿਉਂਕਿ ਉਨ੍ਹਾਂ ਦੀਆਂ ਖ਼ਬਰਾਂ ਨੂੰ ਉਹ ‘ਫ਼ੇਕ ਨਿਊਜ਼’ ਮੰਨਦੇ ਹਨ।

