While 423 kg of heroin was seized across Punjab in 2025, 487 kg has now been confiscated in Amritsar alone
2025 ’ਚ ਪੂਰੇ ਪੰਜਾਬ ’ਚ ਫੜੀ 423 ਕਿਲੋ ਹੈਰੋਇਨ, ਹੁਣ ਇਕੱਲੇ ਅੰਮ੍ਰਿਤਸਰ ’ਚ ਹੀ 487 ਕਿਲੋ ਹੋ ਚੁੱਕੀ ਹੈ ਜ਼ਬਤ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਇਕ ਪਾਸੇ ਜਿੱਥੇ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਨੂੰ ਬਹੁਤ ਸਫਲਤਾਪੂਰਵਕ ਚਲਾਉਣ ਦਾ ਦਾਅਵਾ ਕੀਤਾ ਜਾ ਰਹਾ ਹੈ, ਉੱਥੇ ਹੀ ਪੰਜਾਬ ਨਾਲ ਲੱਗਦੀ 453 ਕਿਲੋਮੀਟਰ ਲੰਮੀ ਭਾਰਤ-ਪਾਕਿਸਤਾਨ ਸਰਹੱਦ ’ਤੇ ਹੈਰੋਇਨ ਅਤੇ ਡਰੋਨ ਦੀ ਰਿਕਵਰੀ ਦੇ ਅੰਕੜੇ ਕੁਝ ਹੋਰ ਹੀ ਤਸਵੀਰ ਬਿਆਨ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਾਲ 2025 ਦੌਰਾਨ ਪੂਰੇ ਪੰਜਾਬ ਬਾਰਡਰ ਦੇ ਸਰਹੱਦੀ ਜ਼ਿਲਿਆਂ ’ਚ 12 ਮਹੀਨਿਆਂ ਦੌਰਾਨ 423 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ ਪਰ ਇਸ ਸਾਲ 2026 ’ਚ ਅਜੇ 9 ਮਹੀਨਿਆਂ ਦਾ ਸਮਾਂ ਵੀ ਪੂਰਾ ਨਹੀਂ ਹੋਇਆ, ਸਗੋਂ ਇਕੱਲੇ ਅੰਮ੍ਰਿਤਸਰ ਬਾਰਡਰ ’ਤੇ ਹੀ 487 ਕਿਲੋ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ, ਜਦੋਂਕਿ ਪੂਰੇ ਪੰਜਾਬ ਬਾਰਡਰ ’ਚ 800 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਹੋ ਚੁੱਕੀ ਹੈ। ਹੁਣ ਤੱਕ 827 ਕਿਲੋ ਹੈਰੋਇਨ ਜ਼ਬਤ ਹੋ ਚੁੱਕੀ ਹੈ, ਜਿਸ ਨੇ ਅਗਲੇ-ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੰਮ੍ਰਿਤਸਰ ਦੀ ਤੁਲਨਾ ’ਚ ਗੁਰਦਾਸਪੁਰ ਜ਼ਿਲੇ ’ਚ ਸਭ ਤੋਂ ਘੱਟ 15.318 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ, ਜਦੋਂਕਿ ਫਿਰੋਜ਼ਪੁਰ ਜ਼ਿਲਾ ਦੂਜੇ ਨੰਬਰ ’ਤੇ 185.719 ਕਿਲੋ ਹੈਰੋਇਨ, ਜ਼ਿਲਾ ਫਾਜ਼ਿਲਕਾ ਤੀਜੇ ਨੰਬਰ ’ਤੇ 78.654 ਕਿਲੋ ਅਤੇ ਤਰਨਤਾਰਨ ਜ਼ਿਲਾ 60. 296 ਕਿਲੋ ਨਾਲ ਚੌਥੇ ਸਥਾਨ ’ਤੇ ਹੈ, ਜਿਸ ਤਰ੍ਹਾਂ ਨਾਲ ਹੈਰੋਇਨ ਦੀ ਆਮਦ ਹੋ ਰਹੀ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਘੱਟੋ-ਘੱਟ 1000 ਕਿਲੋ ਹੈਰੋਇਨ ਜ਼ਬਤ ਹੋ ਸਕਦੀ ਹੈ। ਮੌਜੂਦਾ ਸਮੇਂ ’ਚ ਡਰੋਨ ਦੀ ਆਮਦ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ, ਇਸ ਦੀ ਤੁਲਨਾ ’ਚ ਐਂਟੀ ਡਰੋਨ ਸਿਸਟਮ ਓਨਾ ਮਜ਼ਬੂਤ ਨਹੀਂ ਹੈ, ਜਿੰਨਾ ਹੋਣਾ ਚਾਹੀਦਾ ਹੈ। ਹਾਲ ਹੀ ’ਚ ਅੰਮ੍ਰਿਤਸਰ ਬਾਰਡਰ ’ਤੇ ਇਜ਼ਰਾਈਲ ਦੀ ਕੰਪਨੀ ਵੱਲੋਂ ਨਿਰਮਿਤ ਐਂਟੀ ਡਰੋਨ ਸਿਸਟਮ ਦਾ ਟੈਸਟ ਕੀਤਾ ਗਿਆ, ਜੋ ਕਾਫੀ ਸਫਲ ਰਿਹਾ। ਮਾਹਿਰਾਂ ਅਨੁਸਾਰ ਸਾਰੇ ਸੰਵੇਦਨਸ਼ੀਲ ਇਲਾਕਿਆਂ ’ਚ ਐਂਟੀ ਡਰੋਨ ਸਿਸਟਮ ਲਾਉਣ ਦੀ ਲੋੜ ਹੈ। ਹੈਰੋਇਨ ਅਤੇ ਹਥਿਆਰਾਂ ਦੀ ਆਮਦ ਦੀ ਗੱਲ ਕਰੀਏ ਤਾਂ 100 ਫੀਸਦੀ ਆਮਦ ਇਸ ਸਮੇਂ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨਾਂ ਰਾਹੀਂ ਹੋ ਰਹੀ ਹੈ। ਕੁਝ ਇਲਾਕਿਆਂ ’ਚ ਤਾਂ ਦਿਨ ਦੇ ਸਮੇਂ ਵੀ ਡਰੋਨ ਉੱਡਦੇ ਨਜ਼ਰ ਆ ਰਹੇ ਹਨ। ਹਾਲ ਹੀ ’ਚ ਇਕ ਕੇਂਦਰੀ ਏਜੰਸੀ ਵੱਲੋਂ ਲਾਏ ਟ੍ਰੈਪ ਦੌਰਾਨ ਦੁਪਹਿਰ ਦੇ ਸਮੇਂ ਹੀ 2 ਵਾਰ ਡਰੋਨ ਦੀ ਮੂਵਮੈਂਟ ਦੇਖੀ ਗਈ ਸੀ। ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨਾਂ ਰਾਹੀਂ ਕਾਫੀ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਬੀ. ਐੱਸ. ਐੱਫ. ਦੀਆਂ ਪੋਸਟਾਂ ਦੇ ਬਿਲਕੁਲ ਨੇੜੇ ਹੈਰੋਇਨ ਦੀ ਖੇਪ ਸੁੱਟੀ ਜਾ ਰਹੀ ਹੈ। ਇਸ ’ਚ ਕਾਫੀ ਸਾਰੇ ਕੇਸਾਂ ’ਚ ਤਾਂ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਕੁਝ ਮਾਮਲਿਆਂ ’ਚ ਲਾਵਾਰਿਸ ਹਾਲਤ ’ਚ ਖੇਪ ਫੜੀ ਜਾ ਚੁੱਕੀ ਹੈ। ਅਜਿਹਾ ਪ੍ਰਤੀਤ ਹੋ ਰਿਹਾ ਹੈ ਮੰਨੋ ਸਮੱਗਲਰਾਂ ਨੂੰ ਬੀ. ਐੱਸ. ਐੱਫ. ਦਾ ਵੀ ਖੌਫ ਨਹੀਂ ਰਿਹਾ। ਅੰਮ੍ਰਿਤਸਰ ਦਾ ਲੱਗਭਗ 143 ਕਿਲੋਮੀਟਰ ਲੰਮਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਅਤੇ ਇਸੇ ਬਾਰਡਰ ’ਚ ਇਕ ਦਰਜਨ ਦੇ ਲੱਗਭਗ ਉਹੀ ਗਿਣੇ-ਚੁਣੇ ਪਿੰਡ ਹਨ, ਜਿੱਥੇ ਆਏ ਦਿਨ ਡਰੋਨ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਰਿਕਵਰੀ ਹੁੰਦੀ ਹੈ। ਇਨ੍ਹਾਂ ਪਿੰਡਾਂ ’ਚ ਅਟਾਰੀ, ਨੇਸ਼ਟਾ, ਮੁਹਾਵਾ, ਮੋਦੇ, ਰਤਨਖੁਰਦ, ਧਨੋਆ ਕਲਾਂ, ਧਨੋਆ ਖੁਰਦ, ਡੱਲੇਕੇ, ਦਾਊਕੇ, ਰਾਜਾਤਾਲ, ਕੱਕੜ, ਕੱਕੜ ਰਾਣੀਆਂ, ਬੱਲੜਵਾਲ, ਭਿੰਡੀਸੈਂਦਾ ਅਤੇ ਹੋਰ ਪਿੰਡ ਸ਼ਾਮਲ ਹਨ। ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਦੀ ਗੱਲ ਕਰੀਏ ਤਾਂ ਡਰੋਨ 4 ਤੋਂ 5 ਕਿਲੋਮੀਟਰ ਜਾਂ ਇਸ ਤੋਂ ਵੀ ਵੱਧ ਭਾਰਤੀ ਹੱਦ ’ਚ ਘੁਸਪੈਠ ਕਰ ਰਿਹਾ ਹੈ ਪਰ ਸਮੱਗਲਰਾਂ ਦਾ ਕੋਈ ਅਤਾ-ਪਤਾ ਨਹੀਂ ਚੱਲ ਰਿਹਾ। ਹਾਲ ਹੀ ’ਚ ਅਟਾਰੀ ਪਿੰਡ ਦੇ ਸਰਪੰਚ ਵੱਲੋਂ ਹੀ ਪਿੰਡ ਦੇ ਇਲਾਕੇ ’ਚ ਡਰੋਨ ਦੀ ਆਮਦ ਦੇ ਖੁਲਾਸੇ ਕੀਤੇ ਗਏ ਸਨ ਅਤੇ ਡਰੋਨ ਉਡਾਉਣ ਵਾਲੇ ਸਮੱਗਲਰਾਂ ਦੇ ਨਾਮ ਦੇ ਵੀ ਖੁਲਾਸੇ ਕੀਤੇ ਗਏ ਪਰ ਸੁਰੱਖਿਆ ਏਜੰਸੀਆਂ ਵੱਲੋਂ ਨਾ ਤਾਂ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸਰਪੰਚ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ, ਉਲਟਾ ਸਰਪੰਚ ’ਤੇ ਲਗਾਤਾਰ ਤੀਜੀ ਵਾਰ ਸਮੱਗਲਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਜਾ ਚੁੱਕਾ ਹੈ। ਪੁਰਾਣੇ ਸਮੱਗਲਰ, ਜੋ ਇਸ ਸਮੇਂ ਵੱਖ-ਵੱਖ ਜੇਲਾਂ ਅੰਦਰ ਬੰਦ ਹਨ, ਉਹ ਜੇਲ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ। ਜੇਲਾਂ ਅੰਦਰੋਂ ਆਏ ਦਿਨ ਮੋਬਾਈਲ ਅਤੇ ਹੋਰ ਇਤਰਾਜ਼ਯੋਗ ਸਾਮਾਨ ਮਿਲਣ ਦੇ ਖੁਲਾਸੇ ਹੋ ਰਹੇ ਹਨ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਲਾਂ ਦੇ ਅੰਦਰ ਜੈਮਰ ਲਾਏ ਗਏ ਹਨ ਪਰ ਜੈਮਰ ਲੱਗੇ ਹੋਣ ਤਾਂ ਫੋਨ ਕਿਵੇਂ ਚੱਲ ਰਹੇ ਹਨ? ਬੀਤੇ ਦਿਨੀਂ ਹੀ ਅੰਮ੍ਰਿਤਸਰ ਜੇਲ ’ਚ 11 ਹਵਾਲਾਤੀਆਂ ਤੋਂ 9 ਮੋਬਾਇਲ ਅਤੇ ਚਾਰਜਰ ਬਰਾਮਦ ਕੀਤੇ ਗਏ ਹਨ, ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ। ਦੇਸ਼-ਵਿਦੇਸ਼ ’ਚ ਬੈਠੇ ਸਮੱਗਲਰਾਂ ਵੱਲੋਂ 16 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਆਪਣੇ ਸ਼ਿਕੰਜੇ ’ਚ ਈਜ਼ੀ ਮਨੀ ਦਾ ਲਾਲਚ ਦੇ ਕੇ ਫਸਾਇਆ ਜਾ ਰਿਹਾ ਹੈ। ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਅਜੇ ਤੱਕ ਜਿੰਨੇ ਵੀ ਸਮੱਗਲਰ ਗ੍ਰਿਫਤਾਰ ਕੀਤੇ ਗਏ ਹਨ, ਉਹ 16 ਤੋਂ 25 ਸਾਲ ਦੀ ਉਮਰ ਦੇ ਵਿਚਾਲੇ ਦੇ ਹਨ।

