Retired Justice Ranjit Singh gets relief from the court in the defamation case filed by the Chief Minister’s wife
ਮੁੱਖ ਮੰਤਰੀ ਦੀ ਪਤਨੀ ਵੱਲੋਂ ਦਾਇਰ ਮਾਣਹਾਨੀ ਕੇਸ ’ਚ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਕੋਰਟ ਤੋਂ ਮਿਲੀ ਰਾਹਤ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਅਦਾਲਤ ’ਚ ਦਾਇਰ ਮਾਣਹਾਨੀ ਮਾਮਲੇ ’ਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਜ਼ਿਲ੍ਹਾ ਅਦਾਲਤ ਨੇ ਡਾ. ਗੁਰਪ੍ਰੀਤ ਕੌਰ ਦੀ ਪਟੀਸ਼ਨ ’ਤੇ ਸੇਵਾਮੁਕਤ ਜੱਜ ਰਣਜੀਤ ਸਿੰਘ ਖ਼ਿਲਾਫ਼ 8 ਸਤੰਬਰ ਨੂੰ ਜਾਰੀ ਕੀਤੇ ਅੰਤ੍ਰਿਮ ਰੋਕ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਰਣਜੀਤ ਸਿੰਘ ਵੱਲੋਂ ਵਕੀਲ ਚਰਨਜੀਤ ਸਿੰਘ ਬਖ਼ਸ਼ੀ ਨੇ ਅਦਾਲਤ ’ਚ ਪੇਸ਼ ਕੀਤੀ। ਵੀਡੀਓ ਦੇਖਣ ਤੋਂ ਬਾਅਦ ਅਦਾਲਤ ਨੇ ਦੇਖਿਆ ਕਿ ਜਸਟਿਸ ਰਣਜੀਤ ਸਿੰਘ 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੇ ਦੋਸ਼ ਨੂੰ ਨਿੱਜੀ ਜਾਣਕਾਰੀ ਵਜੋਂ ਪੇਸ਼ ਨਹੀਂ ਕਰ ਰਹੇ ਸਨ। ਉਹ ਹਾਈ ਕੋਰਟ ’ਚ ਦਾਇਰ ਪਟੀਸ਼ਨ ’ਚ ਲਾਏ ਗਏ ਦੋਸ਼ਾਂ ਦੇ ਸੰਦਰਭ ’ਚ ਸਵਾਲ ਉਠਾ ਰਹੇ ਸਨ। ਉਨ੍ਹਾਂ ਨੇ ਡਾ. ਗੁਰਪ੍ਰੀਤ ਕੌਰ ਖ਼ਿਲਾਫ਼ ਆਪਣੇ ਵੱਲੋਂ ਕੋਈ ਨਿੱਜੀ ਦੋਸ਼ ਨਹੀਂ ਲਾਇਆ ਸੀ। ਅਦਾਲਤ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਵਜੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਜੁੜੇ ਮਾਮਲਿਆਂ ’ਤੇ ਨਜ਼ਰ ਰੱਖਣਾ ਤੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਉਠਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਹਿੱਸਾ ਹੈ। ਇਸੇ ਆਧਾਰ ’ਤੇ ਅਦਾਲਤ ਨੇ ਅੰਤ੍ਰਿਮ ਰੋਕ ਹਟਾ ਦਿੱਤੀ।

