Two arrested for writing Khalistani slogans on walls in Amritsar
ਅੰਮ੍ਰਿਤਸਰ ‘ਚ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ ਦੋ ਗ੍ਰਿਫ਼ਤਾਰ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਵੱਲੋਂ ਸ਼ਹਿਰ ‘ਚ ਕੰਧਾਂ ’ਤੇ ਭੜਕਾਊ ਅਤੇ ਇਤਰਾਜ਼ਯੋਗ ਨਾਅਰੇ ਲਿਖਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਤੁਰੰਤ ਕਾਰਵਾਈ ਕੀਤੀ ਗਈ ਹੈ। ਪੁਲਸ ਵੱਲੋਂ ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਸੂਚਨਾ ਮਿਲਣ ਤੋਂ ਕੁਝ ਹੀ ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਵਾਸੀ ਵਾਰਿਅਮ ਸਿੰਘ ਕਾਲੋਨੀ, ਬਾਹਰ ਖ਼ਜ਼ਾਨਾ ਗੇਟ, ਅੰਮ੍ਰਿਤਸਰ ਅਤੇ ਅਰਸ਼ਦੀਪ ਸਿੰਘ ਪੁੱਤਰ ਰਾਜੂ ਵਾਸੀ ਵਾਰਿਅਮ ਸਿੰਘ ਕਾਲੋਨੀ, ਚਬਾਲ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕੁਝ ਕੰਧਾਂ ’ਤੇ ਭੜਕਾਊ ਅਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ ਹਨ। ਇਸ ਤੋਂ ਬਾਅਦ ਪੁਲਸ ਦੇ ਧਿਆਨ ‘ਚ ਇਹ ਵੀ ਆਇਆ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਕੇ ਉਕਤ ਕੰਧਾਂ ’ਤੇ ਲਿਖੇ ਨਾਅਰਿਆਂ ਦਾ ਜ਼ਿਕਰ ਕੀਤਾ ਗਿਆ। ਇਸ ਸਬੰਧੀ ਵੀ ਪੁਲਸ ਵੱਲੋਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਤੁਰੰਤ ਜਾਂਚ ਸ਼ੁਰੂ ਕਰਦਿਆਂ ਕੰਧਾਂ ’ਤੇ ਨਾਅਰੇ ਲਿਖਣ ਵਾਲੇ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਕਨੀਕੀ ਅਤੇ ਹੋਰ ਜਾਂਚ ਸਾਧਨਾਂ ਦੀ ਵਰਤੋਂ ਕੀਤੀ ਗਈ। ਮਾਨਯੋਗ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਮਿਸ਼ਨਰ ਪੁਲਸ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਆਈ. ਪੀ. ਐੱਸ. ਜਿਹਦੀਆਂ ਹਦਾਇਤਾਂ ਹੇਠ ਪੁਲਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਮੁੱਢਲੇ ਤੌਰ ’ਤੇ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਰਸ਼ਦੀਪ ਸਿੰਘ ਦੇ ਵਿਦੇਸ਼-ਆਧਾਰਤ ਹੈਂਡਲਰ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਵੱਲੋਂ ਇਸ ਸੰਪਰਕ ਦੀ ਪ੍ਰਕਿਰਤੀ, ਮਕਸਦ ਅਤੇ ਇਸ ਮਾਮਲੇ ਨਾਲ ਸਬੰਧ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ FIR ਨੰਬਰ 142 ਮਿਤੀ 26-09-2026, ਧਾਰਾ 196 (1), 197(2), 61(2) BNS ਥਾਣਾ ਏ-ਡਿਵੀਜ਼ਨ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਜਾਂਚ ਦੌਰਾਨ ਘਟਨਾ ਦੀ ਪੂਰੀ ਕੜੀ, ਇਸ ਦੇ ਪਿੱਛੇ ਮਕਸਦ, ਵਿਦੇਸ਼-ਆਧਾਰਿਤ ਸੰਪਰਕਾਂ ਅਤੇ ਕਿਸੇ ਹੋਰ ਵਿਅਕਤੀ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਨਤਕ ਅਮਨ-ਸ਼ਾਂਤੀ ਨੂੰ ਪ੍ਰਭਾਵਿਤ ਕਰਨ, ਭੜਕਾਊ ਸਮੱਗਰੀ ਰਾਹੀਂ ਤਣਾਅ ਪੈਦਾ ਕਰਨ ਜਾਂ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

