Another Hindu murdered in Bangladesh: Goldsmith’s body found floating in a blue drum; sensation grips the area
ਬੰਗਲਾਦੇਸ਼ ‘ਚ ਇੱਕ ਹੋਰ ਹਿੰਦੂ ਦਾ ਕਤਲ: ਨੀਲੇ ਡਰੰਮ ‘ਚੋਂ ਤੈਰਦੀ ਮਿਲੀ ਸੁਨਿਆਰੇ ਦੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ
ਢਾਕਾ (ਬੰਗਲਾਦੇਸ਼) (ਆਵਾਜ਼ਿ ਕੌਮ ਬਿਊਰੋ)- ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਵਿੱਚ ਇੱਕ ਹੋਰ ਹਿੰਦੂ ਵਿਅਕਤੀ ਦੇ ਕਤਲ ਦੀ ਖ਼ਬਰ ਨਾਲ ਸਨਸਨੀ ਫੈਲ ਗਈ ਹੈ। ਇੱਥੇ ਇੱਕ 50 ਸਾਲਾ ਹਿੰਦੂ ਸੁਨਿਆਰੇ (ਜਿਊਲਰ) ਨਿਰੰਜਨ ਚੰਦਰ ਸੂਤਰਧਾਰ ਦੀ ਲਾਸ਼ ਪਾਣੀ ਵਿੱਚ ਤੈਰਦੇ ਇੱਕ ਪਲਾਸਟਿਕ ਦੇ ਨੀਲੇ ਡਰੱਮ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਅਠਾਰਬਾੜੀ ਬਿਲਡਿੰਗ ਇਲਾਕੇ ਵਿੱਚ ਗਹਿਣਿਆਂ ਦਾ ਕਾਰੋਬਾਰ ਕਰਦਾ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬੇਗੁਨਬਾੜੀ ਇਲਾਕੇ ਵਿੱਚ ਸਲੂਈਸ ਗੇਟ ਨੇੜੇ ਪਾਣੀ ਵਿੱਚ ਇੱਕ ਡਰੱਮ ਤੈਰਦਾ ਦੇਖ ਕੇ ਸਥਾਨਕ ਲੋਕਾਂ ਨੇ ਪੁਲਸ ਨੂੰ ਇਤਲਾਹ ਦਿੱਤੀ। ਕੋਤਵਾਲੀ ਮਾਡਲ ਪੁਲਸ ਸਟੇਸ਼ਨ ਦੇ ਸਬ-ਇੰਸਪੈਕਟਰ ਰੂਹੁਲ ਅਮੀਨ ਨੇ ਦੱਸਿਆ ਕਿ ਮ੍ਰਿਤਕ ਦੀ ਪੈਂਟ (ਟ੍ਰਾਊਜ਼ਰ) ਦੀ ਜੇਬ ਵਿੱਚੋਂ ‘ਮੈਮਨਸਿੰਘ ਹਿੰਦੂ ਕੋ-ਆਪ੍ਰੇਟਿਵ ਕ੍ਰੈਡਿਟ ਯੂਨੀਅਨ ਲਿਮਟਿਡ’ ਦਾ ਇੱਕ ਟੋਕਨ ਮਿਲਿਆ ਸੀ, ਜਿਸ ਦੀ ਮਦਦ ਨਾਲ ਉਸ ਦੀ ਪਛਾਣ ਕੀਤੀ ਗਈ। ਬਾਅਦ ਵਿੱਚ ਮ੍ਰਿਤਕ ਦੀ ਪਤਨੀ ਅਤੇ ਪੁੱਤਰ ਨੇ ਵੀ ਸ਼ਨਾਖਤ ਦੀ ਪੁਸ਼ਟੀ ਕੀਤੀ। ਨਿਰੰਜਨ ਚੰਦਰ ਸੂਤਰਧਾਰ 20 ਸਤੰਬਰ ਤੋਂ ਲਾਪਤਾ ਸੀ। ਉਹ ਮੈਮਨਸਿੰਘ ਦੇ ਸਟੇਡੀਅਮ ਇਲਾਕੇ ਵਿੱਚ ਆਪਣੀ ਪਤਨੀ ਅਤੇ ਪੁੱਤਰ ਨਾਲ ਘਰ ਵਿੱਚ ਰਹਿ ਰਿਹਾ ਸੀ। ਉਸ ਦੇ ਭਤੀਜੇ ਨੇ ਉਸ ਨੂੰ ਆਖਰੀ ਵਾਰ ਸਟੇਡੀਅਮ ਇਲਾਕੇ ਵਿੱਚ ਦੇਖਿਆ ਸੀ। ਸ਼ੁਰੂ ਵਿੱਚ ਪਰਿਵਾਰ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ, ਕਿਉਂਕਿ ਉਹ ਪਹਿਲਾਂ ਵੀ ਅਕਸਰ ਕੁਝ ਦਿਨ ਘਰੋਂ ਬਾਹਰ ਰਹਿਣ ਤੋਂ ਬਾਅਦ ਵਾਪਸ ਆ ਜਾਂਦਾ ਸੀ। ਪੁਲਸ ਅਨੁਸਾਰ ਮ੍ਰਿਤਕ ਦੀ ਦੇਹ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪਲਾਸਟਿਕ ਦੇ ਡਰੱਮ ਵਿੱਚ ਬੰਦ ਕਰਕੇ ਪਾਣੀ ਵਿੱਚ ਰੋੜ੍ਹ ਦਿੱਤਾ ਗਿਆ ਸੀ। ਪੁਲਸ ਅਜੇ ਤੱਕ ਕਤਲ ਦੇ ਕਾਰਨਾਂ ਅਤੇ ਦੋਸ਼ੀਆਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਨਾ ਹੀ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। ਇਸ ਘਟਨਾ ਤੋਂ ਬਾਅਦ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਮੁੜ ਚਿੰਤਾ ਅਤੇ ਬਹਿਸ ਛਿੜ ਗਈ ਹੈ।

