‘OpenAI’ breached government websites and leaked data to the public
ਬੇਕਾਬੂ ਹੋ ਕੇ ਸਰਕਾਰੀ ਵੈੱਬਸਾਈਟਾਂ ’ਚ ਦਾਖਲ ਹੋਏ ‘OpenAI’, ਪਬਲਿਕ ’ਚ ਲੀਕ ਕੀਤਾ ਡਾਟਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ‘ਓਪਨ ਏ. ਆਈ.’ ਦੇ ਏ. ਆਈ. ਏਜੰਟਾਂ ਨੇ ਟੈਸਟਿੰਗ ਇਨਵਾਇਰਨਮੈਂਟ ’ਚੋਂ ਬਾਹਰ ਨਿਕਲ ਕੇ ਸਰਕਾਰੀ ਵੈੱਬਸਾਈਟਾਂ ’ਤੇ ਹਮਲਾ ਬੋਲ ਦਿੱਤਾ ਹੈ। ਇਸ ਵਾਰ ਮਾਮਲਾ ਅਮਰੀਕਾ ਦਾ ਹੈ। ਏ. ਆਈ. ਏਜੰਟਾਂ ਨੇ ਨਾ ਸਿਰਫ਼ ਅਮਰੀਕੀ ਸਰਕਾਰ ਦੀਆਂ ਅਧਿਕਾਰਤ ਵੈੱਬਸਾਈਟਾਂ ਵਿਚ ਦਖ਼ਲਅੰਦਾਜ਼ੀ ਕੀਤੀ, ਸਗੋਂ ਉਨ੍ਹਾਂ ਵਿਚ ਲਾਗਇਨ ਕਰ ਕੇ ਡਾਟਾ ਵੀ ਕੱਢ ਲਿਆ। ਕੰਪਨੀ ਨੇ ਖ਼ੁਦ ‘ਨਿਊਯਾਰਕ ਟਾਈਮਜ਼’ ਦੇ ਸਾਹਮਣੇ ਇਹ ਗੱਲ ਮੰਨੀ ਹੈ। ਰਿਪੋਰਟਾਂ ਵਿਚ ਪਤਾ ਲੱਗਾ ਹੈ ਕਿ ਏ. ਆਈ. ਨੇ ਇੰਟਰਨੈੱਟ ’ਤੇ ਮਿਲੇ ਕ੍ਰੈਡੈਂਸ਼ੀਅਲਜ਼ ਦੀ ਮਦਦ ਨਾਲ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਏਜੰਟਾਂ ਨੇ ਸਾਈਟਾਂ ਵਿਚ ਸੰਨ੍ਹ ਲਗਾਉਣ ਦੇ ਨਾਲ-ਨਾਲ ਪਬਲਿਕ ਫੋਰਮ ’ਤੇ ਡਾਟਾ ਵੀ ਸ਼ੇਅਰ ਕਰ ਦਿੱਤਾ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਸਰਕਾਰ ਦੇ ਮੈਡੀਕੇਅਰ ਸਿਸਟਮ ਵਿਚ ਇਸੇ ਤਰ੍ਹਾਂ ਏ. ਆਈ. ਏਜੰਟਾਂ ਵੱਲੋਂ ਹੈਕਿੰਗ ਹੋ ਚੁੱਕੀ ਹੈ। ਇਸ ਘਟਨਾ ਨੇ ਏ. ਆਈ. ਸੇਫਟੀ ਤੇ ਕੰਟਰੋਲ ’ਤੇ ਚੱਲ ਰਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਏ. ਆਈ. ਨੇ ਆਨਲਾਈਨ ਮਿਲੇ ਲਾਗਇਨ ਕ੍ਰੈਡੈਂਸ਼ੀਅਲਜ਼ ਦੀ ਮਦਦ ਨਾਲ ਡਿਪਾਰਟਮੈਂਟ ਆਫ਼ ਕਾਮਰਸ ਤਹਿਤ ਆਉਣ ਵਾਲੇ ਸੈਂਸਸ ਬਿਊਰੋ ਦੀ ਵੈੱਬਸਾਈਟ ’ਚੋਂ ਡਾਟਾ ਕੱਢ ਲਿਆ। ਇਸੇ ਤਰ੍ਹਾਂ ਇਨ੍ਹਾਂ ਏ. ਆਈ. ਏਜੰਟਾਂ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੀ ਵੈੱਬਸਾਈਟ ’ਚੋਂ ਪਬਲਿਕ ਡਾਟਾ ਕੱਢ ਕੇ ਉਸ ਨੂੰ ਇਕ ਪਬਲਿਕ ਫੋਰਮ ’ਤੇ ਸ਼ੇਅਰ ਕਰ ਦਿੱਤਾ। ਓਪਨ ਏ. ਆਈ. ਦਾ ਦਾਅਵਾ ਹੈ ਕਿ ਇਹ ਘਟਨਾ ਕਿਸੇ ਵੱਡੇ ਡਾਟਾ ਲੀਕ ਜਾਂ ਹੈਕਿੰਗ ਦੇ ਘੇਰੇ ਵਿਚ ਨਹੀਂ ਆਉਂਦੀ। ਹਾਲਾਂਕਿ ਇਸ ਤੋਂ ਸਪੱਸ਼ਟ ਹੈ ਕਿ ਸਿਸਟਮ ਨੇ ਚਿੰਤਾ ਪੈਦਾ ਕਰਨ ਵਾਲਾ ਕੰਮ ਕੀਤਾ। ਕੰਪਨੀ ਨੂੰ ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਹ ਟੈੱਕ ਸਟਾਰਟਅੱਪ ‘ਹਗਿੰਗ ਫੇਸ’ ’ਤੇ ਆਪਣੇ ਸਿਸਟਮ ਨਾਲ ਹੋਈ ਸੰਨ੍ਹਮਾਰੀ ਦੀ ਪੜਤਾਲ ਕਰ ਰਹੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ੇਅਰ ਬਾਜ਼ਾਰ ਰੈਗੂਲੇਟਰ ਦੇ ਬੁਲਾਰੇ ਨੇ ਕਿਹਾ ਕਿ ਏ. ਆਈ. ਏਜੰਟਾਂ ਨੇ ਕਿਸੇ ਵੀ ਨਾਨ-ਪਬਲਿਕ ਜਾਂ ਗੁਪਤ ਡਾਟਾ ਨੂੰ ਐਕਸੈੱਸ ਨਹੀਂ ਕੀਤਾ। ਡਾਟਾਬੇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਕਾਮਰਸ ਡਿਪਾਰਟਮੈਂਟ ਵੱਲੋਂ ਇਸ ’ਤੇ ਤੁਰੰਤ ਕੋਈ ਬਿਆਨ ਨਹੀਂ ਆਇਆ।

