Snowstorm in Nepal; 10 people missing
ਨੇਪਾਲ ‘ਚ ਬਰਫ਼ੀਲਾ ਤੂਫਾਨ, 10 ਲੋਕ ਲਾਪਤਾ
ਕਾਠਮੰਡੂ (ਆਵਾਜ਼ਿ ਕੌਮ ਬਿਊਰੋ)-ਤਿੱਬਤ ਦੀ ਸਰਹੱਦ ਨਾਲ ਲੱਗਦੇ ਪੱਛਮੀ ਨੇਪਾਲ ਵਿੱਚ ਹਿਮਲੁੰਗ ਹਿਮਾਲ ਦੇ ਬੇਸ ਕੈਂਪ ਵਿੱਚ ਭਾਰੀ ਬਰਫ਼ੀਲਾ ਤੂਫਾਨ ਆਇਆ ਹੈ। ਇਸ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ 10 ਲੋਕ ਲਾਪਤਾ ਹੋ ਗਏ ਹਨ। ਮੁਹਿੰਮ ਦੇ ਆਯੋਜਕਾਂ ਅਨੁਸਾਰ ਇਹ ਬਰਫ਼ਬਾਰੀ ਐਤਵਾਰ ਸਵੇਰੇ ਹੋਈ।। ‘ਐਕਸਪੀਡੀਸ਼ਨ ਆਰਗੇਨਾਈਜ਼ਰ’ ਮਿੰਗਮਾ ਗਿਆਲਜੇ ਸ਼ੇਰਪਾ ਨੇ ਪੁਸ਼ਟੀ ਕੀਤੀ ਹੈ ਕਿ ਲਾਪਤਾ ਹੋਏ ਲੋਕਾਂ ਵਿੱਚ ਉਨ੍ਹਾਂ ਦੇ ਰਸੋਈ ਸਟਾਫ਼ ਦੇ 2 ਮੈਂਬਰ ਵੀ ਸ਼ਾਮਲ ਹਨ। ਲਾਪਤਾ ਹੋਏ ਬਾਕੀ ਲੋਕ ਵੱਖ-ਵੱਖ ਮੁਹਿੰਮ ਕੰਪਨੀਆਂ ਨਾਲ ਸਬੰਧਤ ਹਨ। ਸ਼ੇਰਪਾ ਅਨੁਸਾਰ, ਪਿਛਲੇ ਹਫ਼ਤੇ ਜਾਰੀ ਕੀਤੀ ਗਈ ਮੌਸਮ ਦੀ ਚੇਤਾਵਨੀ ਤੋਂ ਬਾਅਦ ਜ਼ਿਆਦਾਤਰ ਪਰਬਤਾਰੋਹੀ ਟੀਮਾਂ ਅਤੇ ਰੱਸੀਆਂ ਬੰਨ੍ਹਣ ਵਾਲੀਆਂ ਟੀਮਾਂ ਪਹਾੜੀ ਢਲਾਣਾਂ ਤੋਂ ਹੇਠਾਂ ਆ ਗਈਆਂ ਸਨ, ਪਰ ਕੁਝ ਲੋਕ ਉੱਥੇ ਹੀ ਰਹਿ ਗਏ ਸਨ। ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਸੀ, ਜਿਸ ਕਾਰਨ ਪਰਬਤਾਰੋਹੀਆਂ ਨੂੰ ਆਪਣੀ ਚੜ੍ਹਾਈ ਮੁਲਤਵੀ ਕਰਨੀ ਪਈ। ਜ਼ਿਕਰਯੋਗ ਹੈ ਕਿ ਮਨੰਗ ਜ਼ਿਲ੍ਹੇ ਵਿੱਚ ਸਥਿਤ 7,126 ਮੀਟਰ ਉੱਚੀ ਹਿਮਲੁੰਗ ਹਿਮਾਲ ਚੋਟੀ ਉੱਚਾਈ ‘ਤੇ ਚੜ੍ਹਾਈ ਦਾ ਤਜਰਬਾ ਹਾਸਲ ਕਰਨ ਵਾਲੇ ਪਰਬਤਾਰੋਹੀਆਂ ਲਈ ਇੱਕ ਪ੍ਰਮੁੱਖ ਆਕਰਸ਼ਣ ਹੈ। ਇਸ ਦੁਰਗਮ ਖੇਤਰ ਵਿੱਚ ਹੈਲੀਕਾਪਟਰ ਉਡਾਣਾਂ ਲਈ ਵਾਧੂ ਇਜਾਜ਼ਤ ਦੀ ਲੋੜ ਹੁੰਦੀ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਟੀਮਾਂ ਨੂੰ ਉੱਥੇ ਪਹੁੰਚਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਦਸਾ ਬੰਗਾਲ ਦੀ ਖਾੜੀ ਵਿੱਚ ਬਣੇ ਮੌਸਮ ਸਿਸਟਮ ਕਾਰਨ ਵਾਪਰਿਆ ਹੈ, ਜਿਸ ਨਾਲ ਨੇਪਾਲ ਦੇ ਪਹਾੜੀ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਤੋਂ ਖ਼ਰਾਬ ਮੌਸਮ ਕਾਰਨ ਦੇਸ਼ ਦੇ ਕਈ ਪ੍ਰਮੁੱਖ ਮਾਰਗ ਠੱਪ ਹੋ ਗਏ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਨੇਪਾਲ ਦੇ ਸੈਰ-ਸਪਾਟਾ ਵਿਭਾਗ ਨੇ ਅਲਰਟ ਜਾਰੀ ਕਰਦਿਆਂ ਸਾਰੇ ਪਰਬਤਾਰੋਹੀਆਂ ਅਤੇ ਟ੍ਰੈਕਰਾਂ ਨੂੰ ਆਪਣੀਆਂ ਗਤੀਵਿਧੀਆਂ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ।

