National-level athlete dies after falling from 12th floor! Had won gold just two days ago
ਨੈਸ਼ਨਲ ਲੈਵਲ ਦੀ ਖਿਡਾਰਨ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ! 2 ਦਿਨ ਪਹਿਲਾਂ ਹੀ ਜਿੱਤਿਆ ਸੀ Gold
ਗਾਜ਼ੀਆਬਾਦ (ਆਵਾਜ਼ਿ ਕੌਮ ਬਿਊਰੋ)- ਰਾਜਨਗਰ ਐਕਸਟੈਂਸ਼ਨ ਵਿਚ ਸ਼ੁੱਕਰਵਾਰ ਰਾਤ 14 ਸਾਲਾ ਵਿਦਿਆਰਥਣ ਪ੍ਰਾਚੀ ਰਾਜਪੂਤ ਦੀ 12ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਪ੍ਰਾਚੀ ਡੀ.ਡੀ.ਪੀ.ਐੱਸ. ਸੰਜੇ ਨਗਰ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਪ੍ਰਾਚੀ ਨੇ 2 ਦਿਨ ਪਹਿਲਾਂ ਹੀ ਮਹਾਰਾਸ਼ਟਰ ਦੇ ਸ਼ਿਰਡੀ ਵਿਚ ਆਯੋਜਿਤ ਸੀ.ਬੀ.ਐੱਸ.ਈ. ਨੈਸ਼ਨਲ ਰੋਪ ਸਕਿੱਪਿੰਗ ਮੁਕਾਬਲੇ ਵਿਚ 2 ਗੋਲਡ ਮੈਡਲ ਜਿੱਤੇ ਸਨ। ਉਸ ਨੇ ਡਬਲ ਡੱਚ ਪੇਅਰ ਫ੍ਰੀ ਸਟਾਈਲ ਅਤੇ ਡਬਲ ਡੱਚ ਸਿੰਗਲ ਫ੍ਰੀ ਸਟਾਈਲ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ। ਮੈਡਲ ਜਿੱਤ ਕੇ ਘਰ ਵਾਪਸ ਆਉਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਸੀ। ਜਾਣਕਾਰੀ ਅਨੁਸਾਰ ਪ੍ਰਾਚੀ ਦਾ ਪਰਿਵਾਰ ਰਾਜਨਗਰ ਰੈਜ਼ੀਡੈਂਸੀ ਦੇ ਟਾਵਰ ਜੀ ਦੀ 12ਵੀਂ ਮੰਜ਼ਿਲ ’ਤੇ ਰਹਿੰਦਾ ਹੈ। ਸ਼ੁੱਕਰਵਾਰ ਰਾਤ ਲੱਗਭਗ 9 ਵਜੇ ਉਹ ਬਾਲਕੋਨੀ ਵਿਚ ਕੱਪੜੇ ਲੈਣ ਗਈ ਸੀ। ਇਸੇ ਦੌਰਾਨ ਉਹ ਅਚਾਨਕ ਹੇਠਾਂ ਡਿੱਗ ਪਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ ਮੁੱਢਲੀ ਜਾਂਚ ਵਿਚ ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੈ। ਹਾਦਸਾ ਹੋਇਆ ਜਾਂ ਵਿਦਿਆਰਥਣ ਨੇ ਕੋਈ ਕਦਮ ਚੁੱਕਿਆ, ਇਸ ਦੀ ਪੁਸ਼ਟੀ ਨਹੀਂ ਹੋਈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ਦੇ ਨਾਲ-ਨਾਲ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

