India to get a ‘permanent’ seat at the UN! After Europe, the world’s largest country has also extended full support
UN ‘ਚ ਭਾਰਤ ਨੂੰ ਮਿਲੇਗੀ ‘ਪੱਕੀ’ ਸੀਟ ! ਯੂਰਪ ਮਗਰੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਨੇ ਵੀ ਕੀਤਾ ਪੂਰਾ ਸਮਰਥਨ
New Delhi, (ਆਵਾਜ਼ਿ ਕੌਮ ਬਿਊਰੋ)-ਬੀਤੇ ਦਿਨੀਂ UNGA ਦੌਰਾਨ ਸਲੋਵਾਕੀਆ, ਹੰਗਰੀ, ਪੋਲੈਂਡ ਤੇ ਚੈੱਕ ਗਣਰਾਜ ਦੇ ਸਮਰਥਨ ਮਗਰੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਰੂਸ ਨੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਨ ਕਰਦਿਆਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸਪੱਸ਼ਟ ਕੀਤਾ ਕਿ ਸੁਰੱਖਿਆ ਪ੍ਰੀਸ਼ਦ ‘ਚ ਕਿਸੇ ਵੀ ਸੁਧਾਰ ਦੌਰਾਨ ਪੱਛਮੀ ਦੇਸ਼ਾਂ, ਵਿਸ਼ੇਸ਼ ਤੌਰ ‘ਤੇ ਜਰਮਨੀ ਅਤੇ ਜਾਪਾਨ ਨੂੰ ਹੋਰ ਸੀਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ, “ਸਾਡੇ ਮੁਤਾਬਕ UN ਸੁਰੱਖਿਆ ਪ੍ਰੀਸ਼ਦ ‘ਚ ਸੁਧਾਰ ਦੌਰਾਨ ਪੱਛਮੀ ਦੇਸ਼ਾਂ, ਖ਼ਾਸ ਕਰ ਕੇ ਜਰਮਨੀ ਅਤੇ ਜਾਪਾਨ ਲਈ ਹੋਰ ਸੀਟਾਂ ਨਹੀਂ ਵਧਾਈਆਂ ਜਾਣੀਆਂ ਚਾਹੀਦੀਆਂ, ਜੋ ਹੁਣ ਬਦਲਾਖੋਰੀ ਦੇ ਰਾਹ ‘ਤੇ ਹਨ।” ਉਨ੍ਹਾਂ ਅੱਗੇ ਕਿਹਾ, “ਅਸੀਂ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੀ ਨੁਮਾਇੰਦਗੀ ਵਧਾਉਣ ਦੇ ਹੱਕ ‘ਚ ਹਾਂ। ਅਸੀਂ ਸਥਾਈ ਸੀਟ ਲਈ ਭਾਰਤ ਅਤੇ ਬ੍ਰਾਜ਼ੀਲ ਦੀ ਦਾਅਵੇਦਾਰੀ ਦਾ ਸਮਰਥਨ ਕਰਦੇ ਹਾਂ ਅਤੇ ਨਾਲ ਹੀ ਅਫ਼ਰੀਕੀ ਮਹਾਂਦੀਪ ਦੇ ਹਿੱਤਾਂ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ।” ਲਾਵਰੋਵ ਨੇ ਕਿਹਾ ਕਿ ਰੂਸ ਆਪਣੇ ਰਣਨੀਤਕ ਭਾਈਵਾਲਾਂ ਅਤੇ ਸਹਿਯੋਗੀਆਂ- ਬ੍ਰਿਕਸ (BRICS), ਐੱਸ.ਸੀ.ਓ. (SCO) ਅਤੇ ਯੂਰੇਸ਼ੀਅਨ ਇਕਨਾਮਿਕ ਯੂਨੀਅਨ ਨਾਲ ਮਿਲ ਕੇ ਦੁਨੀਆ ‘ਚ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ Information Security ਵਰਗੇ ਮੁੱਦਿਆਂ ‘ਤੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ (UN) ਨੂੰ ਹੀ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਨਾ ਕਿ ਹੋਰ ਸੀਮਤ ਮੰਚਾਂ ਨੂੰ। ਇਸ ਲਈ ਇਸ ‘ਚ ਭਾਰਤ ਨੂੰ ਸਥਾਈ ਸੀਟ ਦੇਣਾ ਇਕ ਅਹਿਮ ਕਦਮ ਹੋਵੇਗਾ।

