Several government thermal power units in Punjab shut down; 900 MW capacity affected
ਪੰਜਾਬ ਦੇ ਕਈ ਸਰਕਾਰੀ ਥਰਮਲ ਪਾਵਰ ਯੂਨਿਟ ਬੰਦ, 900 ਮੈਗਾਵਾਟ ਸਮਰੱਥਾ ਪ੍ਰਭਾਵਿਤ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ ਸੂਬਾ ਸਰਕਾਰ ਦੀ ਮਲਕੀਅਤ ਵਾਲੇ ਥਰਮਲ ਪਾਵਰ ਪਲਾਂਟਾਂ ਦੇ 10 ਵਿਚੋਂ 4 ਯੂਨਿਟ ਫਿਲਹਾਲ ਬੰਦ ਹਨ। ਇਸ ਕਾਰਨ ਲੱਗਭਗ 900 ਮੈਗਾਵਾਟ ਦੀ ਲੋੜੀਂਦੀ ਬਿਜਲੀ ਉਤਪਾਦਨ ਸਮਰੱਥਾ ਉਪਲਬਧ ਨਹੀਂ ਹੈ। ਮੌਸਮ ’ਚ ਬਦਲਾਅ ਅਤੇ ਬਿਜਲੀ ਦੀ ਮੰਗ ’ਚ ਉਤਾਰ-ਚੜ੍ਹਾਅ ਦੇ ਵਿਚਕਾਰ ਇਨ੍ਹਾਂ ਯੂਨਿਟਾਂ ਦੇ ਬੰਦ ਰਹਿਣ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਾਹਮਣੇ ਬਿਜਲੀ ਪ੍ਰਬੰਧਨ ਦੀ ਚੁਣੌਤੀ ਵਧ ਗਈ ਹੈ। ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 4 ਵਿੱਚੋਂ 3 ਯੂਨਿਟ ਇਸ ਸਮੇਂ ਬੰਦ ਹਨ। ਹਰੇਕ ਯੂਨਿਟ ਦੀ ਸਮਰੱਥਾ 210 ਮੈਗਾਵਾਟ ਹੈ। ਇਸ ਤਰ੍ਹਾਂ ਇਕੱਲੇ ਰੋਪੜ ਪਲਾਂਟ ’ਚ 630 ਮੈਗਾਵਾਟ ਸਮਰੱਥਾ ਉਤਪਾਦਨ ਤੋਂ ਬਾਹਰ ਹੈ। ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਦਾ ਤੁਰੰਤ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪਾਵਰਕਾਮ ਲਗਾਤਾਰ ਬੰਦ ਹੋਏ ਯੂਨਿਟਾਂ ਦੀ ਮੁਰੰਮਤ ਕਰਵਾ ਰਿਹਾ ਹੈ। ਤਰਨਤਾਰਨ ਜ਼ਿਲੇ ਦੇ ਸ੍ਰੀ ਗੋਇੰਦਵਾਲ ਸਾਹਿਬ ਸਥਿਤ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਦੇ 270 ਮੈਗਾਵਾਟ ਦੇ 2 ਯੂਨਿਟਾਂ ਵਿਚੋਂ ਇਕ ਬੰਦ ਹੈ। ਇਸ ਨਾਲ 270 ਮੈਗਾਵਾਟ ਸਮਰੱਥਾ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਯੂਨਿਟ ਦੇ ਖ਼ਰਾਬ ਹੋਣ ਦਾ ਕਾਰਨ ਤਕਨੀਕੀ ਦੱਸਿਆ ਗਿਆ ਹੈ। ਇਸ ਦੇ ਉਲਟ ਲਹਿਰਾ ਮੁਹੱਬਤ ਸਥਿਤ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਬਠਿੰਡਾ ਦੇ ਚਾਰੇ ਯੂਨਿਟ ਫਿਲਹਾਲ ਚਾਲੂ ਹਨ। ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਸੂਬੇ ’ਚ ਸਥਿਤ 10 ’ਚੋਂ 4 ਦੇ ਬੰਦ ਹੋਣ ਕਾਰਨ ਕੁੱਲ 900 ਮੈਗਾਵਾਟ ਥਰਮਲ ਸਮਰੱਥਾ ਫਿਲਹਾਲ ਉਤਪਾਦਨ ਤੋਂ ਬਾਹਰ ਹੈ। ਪੀ. ਐੱਸ. ਪੀ. ਸੀ. ਐੱਲ. ਨੂੰ ਬਿਜਲੀ ਦੀ ਮੰਗ ਪੂਰੀ ਕਰਨ ਲਈ ਉਪਲਬਧ ਥਰਮਲ ਉਤਪਾਦਨ ਦੇ ਨਾਲ ਹਾਈਡ੍ਰੋਪਾਵਰ, ਨਵਿਆਉਣਯੋਗ ਊਰਜਾ ਅਤੇ ਬਿਜਲੀ ਬਾਜ਼ਾਰ ਤੋਂ ਖਰੀਦ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਬੀਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਪੰਜਾਬ ’ਚ ਵੱਧ ਤੋਂ ਵੱਧ ਬਿਜਲੀ ਦੀ ਮੰਗ ਲੱਗਭਗ 12,500 ਮੈਗਾਵਾਟ ਦਰਜ ਕੀਤੀ ਗਈ। ਹਾਲਾਂਕਿ, ਕੰਮਕਾਜੀ ਦਿਨਾਂ ’ਚ ਮੰਗ ਆਮ ਤੌਰ ’ਤੇ ਵਧੇਰੇ ਰਹਿੰਦੀ ਹੈ ਅਤੇ ਮੌਸਮ ਅਨੁਸਾਰ ਇਸ ’ਚ ਉਤਾਰ-ਚੜ੍ਹਾਅ ਵੀ ਹੁੰਦਾ ਹੈ। ਪਾਵਰਕਾਮ ਦੇ ਉਤਪਾਦਨ ਇੰਜੀਨੀਅਰ ਰਾਜੇਸ਼ ਗੁਪਤਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ’ਚ ਪਏ ਹਲਕੇ ਤੋਂ ਦਰਮਿਆਨੇ ਮੀਂਹ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਬਿਜਲੀ ਦੀ ਮੰਗ ’ਚ ਲਗਭਗ 15 ਫੀਸਦੀ ਕਮੀ ਦਰਜ ਹੋਈ ਹੈ।

