Sri Akal Takht Sahib summons two SGPC members; bans them from participating in meetings
ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਦੇ 2 ਮੈਂਬਰਾਂ ਨੂੰ ਤਲਬ ਕੀਤਾ, ਮੀਟਿੰਗਾਂ ‘ਚ ਹਿੱਸਾ ਲੈਣ ‘ਤੇ ਪਾਬੰਦੀ
ਅੰਮ੍ਰਿਤਸਰ, 30 ਸਤੰਬਰ (ਆਵਾਜ਼ਿ ਕੌਮ ਬਿਊਰੋ)-ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਗਈ ਮੁਲਾਕਾਤ ਦਾ ਮਾਮਲਾ ਗੰਭੀਰ ਰੂਪ ਲੈ ਗਿਆ ਹੈ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਤਿੰਨ ਵੱਖ-ਵੱਖ ਪੱਤਰ ਜਾਰੀ ਕੀਤੇ ਗਏ ਹਨ।
ਕਿਹੜੇ ਮੈਂਬਰ ਹਨ?
- ਸ. ਮਿੱਠੂ ਸਿੰਘ ਕਾਨੇਕੇ, ਮੈਂਬਰ SGPC
- ਸ. ਜਸਵੰਤ ਸਿੰਘ ਪੁੜੈਣ, ਮੈਂਬਰ SGPC
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੀ ਕਹਿਣਾ ਹੈ?
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਪੱਤਰ ਨੰਬਰ ਅ:3/26/381 ਅਤੇ ਅ:3/26/382 ਮਿਤੀ 30-09-2026 ਅਨੁਸਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਬੀਤੇ ਦਿਨੀਂ ਆਪ ਦੋਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਨੰਬਰ ਅ:3/248 ਮਿਤੀ 15 ਜੂਨ 2026 ਅਨੁਸਾਰ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਨਿੱਜੀ ਰੂਪ ਵਿੱਚ ਮਿਲੇ ਹੋ। ਪੱਤਰ ਵਿੱਚ ਸਖ਼ਤ ਟਿੱਪਣੀ ਕਰਦਿਆਂ ਕਿਹਾ ਗਿਆ ਹੈ ਕਿ ਬਤੌਰ ਨੁਮਾਇੰਦਾ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਇਹ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਪਾਲਣਾ ਕਰਦੇ ਅਤੇ ਉਸ ਉੱਤੇ ਪਹਿਰਾ ਦਿੰਦੇ, ਪਰੰਤੂ ਉਨ੍ਹਾਂ ਨੇ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਵੱਡੀ ਅਵੱਗਿਆ ਕੀਤੀ ਹੈ।
ਕਾਰਜਕਾਰੀ ਜਥੇਦਾਰ ਦਾ ਹੁਕਮ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੇ ਆਦੇਸ਼ ਅਨੁਸਾਰ ਦੋਵਾਂ ਮੈਂਬਰਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ:
ਉਹ 10 ਦਿਨਾਂ ਦੇ ਅੰਦਰ-ਅੰਦਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਦੇਣ।
ਜਿੰਨਾ ਚਿਰ ਉਹ ਪੇਸ਼ ਨਹੀਂ ਹੁੰਦੇ ਅਤੇ ਸੁਰਖਰੂ ਨਹੀਂ ਹੁੰਦੇ, ਉਨ੍ਹਾਂ ਚਿਰ ਉਨ੍ਹਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਸੇ ਵੀ ਇਕੱਤਰਤਾ ਵਿੱਚ ਹਿੱਸਾ ਲੈਣ ‘ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।
SGPC ਨੂੰ ਵੀ ਪੱਤਰ ਜਾਰੀ: ਇਸ ਸਬੰਧੀ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਪੱਤਰ ਨੰਬਰ ਅ:3/26/380 ਮਿਤੀ 26-09-2026 ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ ਦੋਵੇਂ ਮੈਂਬਰ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਨਹੀਂ ਦਿੰਦੇ, ਉਹ ਕਿਸੇ ਵੀ ਇਕੱਤਰਤਾ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਹ ਸਾਰੇ ਪੱਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬੰਗੀਚਾ ਸਿੰਘ ਵੱਲੋਂ ਜਾਰੀ ਕੀਤੇ ਗਏ ਹਨ।



