Enmity over love marriage in Panjwar: Girl’s family visits home and shoots father and son; both critically injured
ਪੰਜਵੜ ‘ਚ ਲਵ ਮੈਰਿਜ ਦੀ ਰੰਜਿਸ਼: ਕੁੜੀ ਵਾਲਿਆਂ ਨੇ ਘਰ ਆ ਕੇ ਪਿਉ-ਪੁੱਤ ਨੂੰ ਮਾਰੀਆਂ ਗੋਲੀਆਂ, ਦੋਵੇਂ ਗੰਭੀਰ ਜ਼ਖਮੀ
ਝਬਾਲ (ਆਵਾਜ਼ਿ ਕੌਮ ਬਿਊਰੋ)-ਥਾਣਾ ਝਬਾਲ ਦੇ ਬਹੁਚਰਚਿਤ ਪਿੰਡ ਪੰਜਵੜ ਵਿਖੇ ਦੇਰ ਸ਼ਾਮ ਪਿੰਡ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕ ਰਿਸ਼ਤੇਦਾਰੀ ਵਿੱਚ ਹੀ ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੇ ਘਰ ਆ ਕੇ ਕੁੜੀ ਵਾਲਿਆਂ ਨੇ ਮੁੰਡੇ ਅਤੇ ਉਸਦੇ ਪਿਉ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਦੋਵੇਂ ਪਿਉ-ਪੁੱਤ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਜਵੜ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਆਪਣੀ ਰਿਸ਼ਤੇਦਾਰੀ ਵਿੱਚ ਹੀ ਮਾਮੇ ਦੀ ਲੜਕੀ ਨਾਲ ਕੁਝ ਸਮਾਂ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ, ਜਿਸ ‘ਤੇ ਇਸੇ ਰੰਜਿਸ਼ ਤਹਿਤ ਬੀਤੀ ਸ਼ਾਮ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਵਿਅਕਤੀਆਂ ਸਮੇਤ ਪੰਜਵੜ ਵਿਖੇ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਦੇ ਘਰ ਆਏ ਅਤੇ ਆਪਸੀ ਤਕਰਾਰ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਪਿਉ ਕਸ਼ਮੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਨੂੰ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਗੰਭੀਰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਝਬਾਲ ਤੋਂ ਪੁਲਸ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਡੀ. ਐੱਸ. ਪੀ. ਸੁਖਬੀਰ ਸਿੰਘ ਅਨੁਸਾਰ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

