Negligence regarding fast food: Syringe cap found in Manchurian; family left shocked
FAST FOOD ‘ਚ ਲਾਪਰਵਾਹੀ, ਮਨਚੂਰੀਅਨ ‘ਚੋਂ ਨਿਕਲੀ ਸਰਿੰਜ ਦੀ ਕੈਪ, ਪਰਿਵਾਰ ਦੇ ਉੱਡੇ ਹੋਸ਼
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਦੀਨਾਨਗਰ ਵਿਖੇ ਸਥਿਤ ਇੱਕ ਫਾਸਟ ਫੂਡ ਦੀ ਦੁਕਾਨ ਤੋਂ ਮਨਚੂਰੀਅਨ ਦੀ ਪਲੇਟ ਵਿੱਚੋਂ ਸਰਿੰਜ ਦਾ ਢੱਕਣ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਦੁਕਾਨਦਾਰ ਕੋਲੋਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਗਿਆ। ਜਾਣਕਾਰੀ ਅਨੁਸਾਰ ਦੇਰ ਰਾਤ ਇੱਕ ਗਾਹਕ ਨੇ ਉਕਤ ਫਾਸਟ ਫੂਡ ਦੀ ਦੁਕਾਨ ਤੋਂ ਮਨਚੂਰੀਅਨ ਦੀ ਪਲੇਟ ਆਪਣੇ ਬੱਚਿਆਂ ਲਈ ਘਰ ਲੈ ਕੇ ਗਿਆ ਸੀ। ਜਦੋਂ ਪਰਿਵਾਰ ਵੱਲੋਂ ਮਨਚੂਰੀਅਨ ਖਾਧਾ ਜਾ ਰਿਹਾ ਸੀ ਤਾਂ ਅਚਾਨਕ ਪਲੇਟ ਵਿੱਚੋਂ ਨੀਡਲ ਦੀ ਕੈਪ ਨਿਕਲ ਆਈ। ਕੈਪ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ ਅਤੇ ਇਸ ਦੀ ਜਾਣਕਾਰੀ ਦੁਕਾਨਦਾਰ ਨੂੰ ਦਿੱਤੀ ਗਈ। ਗਾਹਕ ਵੱਲੋਂ ਜਦੋਂ ਦੁਕਾਨਦਾਰ ਤੋਂ ਪੁੱਛਿਆ ਗਿਆ ਕਿ ਖਾਣੇ ਵਿੱਚ ਨੀਡਲ ਦੀ ਕੈਪ ਕਿਵੇਂ ਪਹੁੰਚੀ ਤਾਂ ਦੁਕਾਨ ’ਤੇ ਮੌਜੂਦ ਮਹਿਲਾ ਦੁਕਾਨਦਾਰ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਮਾਮਲਾ ਸਾਹਮਣੇ ਆਉਂਦੇ ਹੀ ਲੋਕ ਵੀ ਇਕੱਠੇ ਹੋ ਗਏ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਤੇ ਸਫਾਈ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ। ਘਟਨਾ ਦੀ ਸੂਚਨਾ ਮਿਲਣ ’ਤੇ ਨਗਰ ਕੌਂਸਲ ਦੇ ਕੌਂਸਲਰ ਪਿੰਦਰਪਾਲ ਸਿੰਘ ਰਾਜੂ ਵੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਉਨ੍ਹਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਫਾਈ ਪ੍ਰਤੀ ਦੁਕਾਨਦਾਰਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਸ ਘਟਨਾ ਨੇ ਇੱਕ ਵਾਰ ਫਿਰ ਸੜਕ ਕਿਨਾਰੇ ਅਤੇ ਫਾਸਟ ਫੂਡ ਦੀਆਂ ਦੁਕਾਨਾਂ ’ਤੇ ਮਿਲਣ ਵਾਲੇ ਖਾਣੇ ਦੀ ਸਫਾਈ ਅਤੇ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਸਬੰਧਤ ਵਿਭਾਗ ਤੋਂ ਅਜਿਹੀਆਂ ਦੁਕਾਨਾਂ ਦੀ ਸਮੇਂ-ਸਮੇਂ ’ਤੇ ਜਾਂਚ ਕਰਨ ਦੀ ਮੰਗ ਕੀਤੀ ਹੈ।

