FIR registered against Rahul and Priyanka Gandhi; read why the action was taken
ਰਾਹੁਲ-ਪ੍ਰਿਯੰਕਾ ਗਾਂਧੀ ਖ਼ਿਲਾਫ਼ ਦਰਜ ਹੋਈ FIR, ਪੜ੍ਹੋ ਕਿਉਂ ਹੋਈ ਕਾਰਵਾਈ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਨੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਵਿਰੋਧੀ ਧਿਰ ਦੇ ਮਾਰਚ ਦੌਰਾਨ ਆਕਾਸ਼ਵਾਣੀ ਭਵਨ ‘ਚ ਜ਼ਬਰਦਸਤੀ ਦਾਖਲ ਹੋਣ ‘ਤੇ ਕਾਂਗਰਸੀ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਉਨ੍ਹਾਂ ਦੇ ਸਮਰਥਕਾਂ ਅਤੇ ਉਨ੍ਹਾਂ ਨਾਲ ਮੌਜੂਦ ਹੋਰ ਸੰਸਦ ਮੈਂਬਰਾਂ ਦੇ ਬਿਨਾਂ ਮਨਜ਼ੂਰੀ ਆਕਾਸ਼ਵਾਣੀ ਭਵਨ ਕੰਪਲੈਕਸ ‘ਚ ਪ੍ਰਵੇਸ਼ ਕਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ। ਪੁਲਸ ਵਲੋਂ ਮੰਗਲਵਾਰ ਨੂੰ ਵਿਰੋਧੀ ਧਿਰ ਗਠਜੋੜ ‘ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਚੋਣ ਕਮਿਸ਼ਨ ਦੇ ਦਫ਼ਤਰ ਵਲੋਂ ਮਾਰਚ ਨੂੰ ਰੋਕੇ ਜਾਣ ਤੋਂ ਬਾਅਦ ਆਕਾਸ਼ਵਾਣੀ ਭਵਨ ਦੇ ਅੰਦਰ 8 ਘੰਟਿਆਂ ਤੋਂ ਵੱਧ ਸਮੇਂ ਤੱਕ ਧਰਨਾ ਦੇਣ ‘ਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧਈ ਵਾਡਰਾ ਸਮੇਤ ਕਰੀਬ 260 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਵਿਰੋਧੀ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨ ਦੇ ਕੰਮਕਾਜ ‘ਚ ਕਥਿਤ ਬੇਨਿਯਮੀਆਂ ਅਤੇ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐੱਸਆਈਆਰ) ਦਾ ਵਿਰੋਧ ਕਰ ਰਹੇ ਸਨ। ਉਹ “ਵੋਟ ਚੋਰੀ” ਦਾ ਮੁੱਦਾ ਵੀ ਉਠਾ ਰਹੇ ਸਨ। ਦਿੱਲੀ ਪੁਲਸ ਦੇ ਅਨੁਸਾਰ, “ਇੰਡੀਆ” ਗੱਠਜੋੜ ‘ਚ ਸ਼ਾਮਲ ਪਾਰਟੀਆਂ ਨੇ ਮੰਗਲਵਾਰ ਨੂੰ ਸੰਸਦ ਭਵਨ ਤੋਂ ਚੋਣ ਕਮਿਸ਼ਨ ਤੱਕ ਮਾਰਚ ਕਰਨ ਦੀ ਯੋਜਨਾ ਬਣਾਈ ਸੀ। ਪੁਲਸ ਨੇ ਦੱਸਿਆ ਕਿ ਮਾਰਚ ਦੀ ਇਜਾਜ਼ਤ ਲਈ ਕੋਈ ਅਰਜ਼ੀ ਨਵੀਂ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਦੇ ਦਫ਼ਤਰ ‘ਚ ਜਮ੍ਹਾਂ ਨਹੀਂ ਕਰਵਾਈ ਗਈ ਸੀ ਅਤੇ ਨਾ ਹੀ ਇਜਾਜ਼ਤ ਦਿੱਤੀ ਗਈ ਸੀ।

