This area of Punjab shaken by a major crime; two youths murdered and their bodies dumped at a bus stand
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਦੋ ਨੌਜਵਾਨਾਂ ਨੂੰ ਕਤਲ ਕਰਕੇ ਅੱਡੇ ‘ਚ ਸੁੱਟਿਆ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਪੱਖੋਪੁਰ ਅੱਡੇ ਉੱਪਰ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਤੜਕਸਾਰ ਅੱਡੇ ਦੀ ਲਿੰਕ ਰੋਡ ਕਿਨਾਰੇ ਪਈਆਂ ਦੋ ਲਾਸ਼ਾਂ ਨੂੰ ਵੇਖ ਕੇ ਲੋਕ ਸਹਿਮ ਗਏ। ਇਸ ਕਤਲ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਚੋਹਲਾ ਸਾਹਿਬ ਦੀ ਪੁਲਸ ਵੱਲੋਂ ਮੌਕੇ ‘ਤੇ ਪੁੱਜ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੁੱਧਵਾਰ ਤੜਕਸਾਰ ਪਿੰਡ ਪੱਖੋਪੁਰ ਅੱਡੇ ‘ਤੇ ਸੜਕ ਕਿਨਾਰੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਵੇਖਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ ਜਿਨ੍ਹਾਂ ਕੋਲ ਕਰੀਬ ਅੱਧੀ ਦਰਜਨ ਗੋਲੀਆਂ ਦੇ ਖੋਲ ਅਤੇ ਦੋ ਦਾਤਰ ਨਜ਼ਰ ਆ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਤਲਾਂ ਵੱਲੋਂ ਇਸ ਵਾਰਦਾਤ ਨੂੰ ਕਿਸੇ ਹੋਰ ਜਗ੍ਹਾ ‘ਤੇ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੀ ਲਾਸ਼ਾਂ ਨੂੰ ਅੱਡੇ ਉੱਪਰ ਸੁੱਟ ਦਿੱਤਾ ਗਿਆ। ਹਾਲਾਂਕਿ ਇਸ ਪਿੱਛੇ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਮ੍ਰਿਤਕਾਂ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਪਿੰਡ ਪੱਖੋਪੁਰ ਅਤੇ ਗੁਰਜਿੰਦਰ ਸਿੰਘ ਬਿੱਲਾ ਵਾਸੀ ਪਿੰਡ ਖਾਰਾ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਜਲਦ ਸੁਲਝਾ ਲਿਆ ਜਾਵੇਗਾ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਲਈ ਪੁਲਸ ਟੀਮਾਂ ਵੀ ਰਵਾਨਾ ਕਰ ਦਿੱਤੀਆਂ ਗਈਆਂ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

