Punjab Police detains two leaders of ‘Waris Punjab De’!
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ 2 ਆਗੂਆਂ ਨੂੰ ਪੰਜਾਬ ਪੁਲਸ ਨੇ ਕੀਤਾ ਡਿਟੇਨ!
ਸੰਗਰੂਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਰਾਜਵੀਰ ਸਿੰਘ ਘੁੰਮਣ ਦੇ ਪਿੰਡ ਘਰਾਚੋਂ ਸਥਿਤ ਘਰ ’ਤੇ ਮੰਗਲਵਾਰ ਦੇਰ ਰਾਤ ਸੀ.ਬੀ.ਆਈ. ਵੱਲੋਂ ਕੀਤੀ ਗਈ ਰੇਡ ਦੌਰਾਨ ਉਸ ਸਮੇਂ ਸਿਆਸੀ ਮਾਹੌਲ ਗਰਮਾ ਗਿਆ ਜਦੋਂ ਸੀ.ਬੀ.ਆਈ. ਦੀ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਵਾਰਸ ਪੰਜਾਬ ਦੇ ਆਗੂਆਂ ਨੇ ਢੋਲ ਢਮੱਕਿਆ ਨਾਲ ਫੁੱਲਾਂ ਦੀ ਵਰਖਾ ਕਰ ਕੇ ਰੇਡ ਦਾ ‘ਸੁਆਗਤ’ ਕੀਤਾ। ਇਸ ਮਾਮਲੇ ’ਚ ਵਾਰਸ ਪੰਜਾਬ ਦੇ ਸੰਗਰੂਰ ਤੋਂ ਮੁੱਖ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਐੱਮ.ਸੀ. ਵਿਜੇ ਲੰਕੇਸ਼ ਨੂੰ ਪੁਲਿਸ ਵੱਲੋਂ ਕਥਿਤ ਤੌਰ ’ਤੇ ਹਿਰਾਸਤ ’ਚ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਿਵਲ ਵਰਦੀ ’ਚ ਪੁਲਿਸ ਮੁਲਾਜ਼ਮ ਦੋਵਾਂ ਆਗੂਆਂ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਜਦੋਂ ਸੀ.ਬੀ.ਆਈ. ਦੀ ਟੀਮ ਰਾਜਵੀਰ ਸਿੰਘ ਘੁੰਮਣ ਦੇ ਘਰ ਅੰਦਰ ਜਾਂਚ-ਪੜਤਾਲ ਕਰ ਰਹੀ ਸੀ ਤਾਂ ਸੀ.ਬੀ.ਆਈ. ਦੀ ਕਾਰ ਬਾਹਰ ਖੜ੍ਹੀ ਸੀ। ਇਸੇ ਦੌਰਾਨ ਚਮਨਦੀਪ ਸਿੰਘ ਮਿਲਖੀ ਅਤੇ ਵਿਜੇ ਲੰਕੇਸ਼ ਵੱਲੋਂ ਕਾਰ ’ਤੇ ਫੁੱਲ ਸੁੱਟਦਿਆਂ ਸੀ.ਬੀ.ਆਈ. ਦੀ ਕਾਰਵਾਈ ਦਾ ਵਿਲੱਖਣ ਢੰਗ ਨਾਲ ਸੁਆਗਤ ਕੀਤਾ ਗਿਆ। ਘਟਨਾ ਤੋਂ ਕੁਝ ਘੰਟਿਆਂ ਬਾਅਦ ਦੋਵਾਂ ਆਗੂਆਂ ਨੂੰ ਪੁਲਸ ਵੱਲੋਂ ਘਰਾਂ ਤੋਂ ਲਿਜਾਏ ਜਾਣ ਦੀ ਖ਼ਬਰ ਸਾਹਮਣੇ ਆਉਣ ਨਾਲ ਸਿਆਸੀ ਹਲਕਿਆਂ ’ਚ ਚਰਚਾ ਛਿੜ ਗਈ ਹੈ। ਹਾਲਾਂਕਿ ਪੁਲਸ ਵੱਲੋਂ ਦੋਵਾਂ ਨੂੰ ਕਿਸ ਮਾਮਲੇ ’ਚ ਅਤੇ ਕਿਹੜੇ ਕਾਰਨਾਂ ਕਰਕੇ ਹਿਰਾਸਤ ’ਚ ਲਿਆ ਗਿਆ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਦੋਵਾਂ ਆਗੂਆਂ ਨੂੰ ਕਿੱਥੇ ਲਿਜਾਇਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਵੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ।

