Bail rejected for person who kidnapped a goldsmith and demanded ₹10 lakh by posing as a CIA official
CIA ਦੇ ਮੁਲਾਜ਼ਮ ਦੱਸ ਕੇ ਸੁਨਿਆਰਾ ਅਗਵਾ ਕਰ ਕੇ 10 ਲੱਖ ਮੰਗਣ ਵਾਲੇ ਦੀ ਜ਼ਮਾਨਤ ਖ਼ਾਰਜ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਜਿਊਲਰ ਗੌਰਵ ਗੋਇਲ ਨੂੰ ਸੀ. ਆਈ. ਏ. ਸਟਾਫ਼ ਦੇ ਕਰਮਚਾਰੀ ਦੱਸ ਕੇ ਜ਼ਬਰਦਸਤੀ ਆਪਣੇ ਨਾਲ ਲੈ ਕੇ ਜਾਣ ਅਤੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕਰਨ ਦੇ ਮਾਮਲੇ ‘ਚ ਥਾਣਾ ਜ਼ੀਰਕਪੁਰ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਗੁਰਫ਼ਤਿਹ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਖ਼ਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਗੁਰਫ਼ਤਿਹ ਸਿੰਘ ਦੇ ਬਿਆਨ ‘ਤੇ ਮੁਲਜ਼ਮ ਰਵੀ ਕੁਮਾਰ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਰਿਕਾਰਡ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅਪਰਾਧ ਨੂੰ ਅੰਜਾਮ ਦੇਣ ਲਈ ਵਰਤੀ ਗਈ ਗੱਡੀ ਮੁਲਜ਼ਮ ਗੁਰਫ਼ਤਿਹ ਸਿੰਘ ਕੋਲੋਂ 6 ਜੂਨ ਨੂੰ ਬਰਾਮਦ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਮੁਲਜ਼ਮ/ਅਰਜ਼ੀਕਰਤਾ ਦੀ ਪਛਾਣ ਉਨ੍ਹਾਂ ਸ਼ਰਾਰਤੀ ਅਨਸਰਾਂ ‘ਚੋਂ ਇਕ ਵਜੋਂ ਵੀ ਕੀਤੀ ਸੀ, ਜਿਨ੍ਹਾਂ ਨੇ ਆਪਣੇ ਆਪ ਨੂੰ ਸੀ. ਆਈ. ਏ. ਸਟਾਫ਼ ਦਾ ਮੈਂਬਰ ਦੱਸਿਆ ਸੀ। ਇੱਥੋਂ ਤੱਕ ਕਿ ਮੁਲਜ਼ਮ ਗੁਰਫ਼ਤਿਹ ਅਤੇ ਰਵੀ ਕੁਮਾਰ ਦੀ ਨਿਸ਼ਾਨਦੇਹੀ ‘ਤੇ 1 ਲੱਖ 80 ਹਜ਼ਾਰ ਰੁਪਏ ਦੀ ਨਕਦੀ, ਖ਼ਾਕੀ ਰੰਗ ਦੀ ਪੱਗ, ਪੈਂਟ ਅਤੇ ਜੁੱਤੀਆਂ ਦਾ ਇਕ ਜੋੜਾ ਬਰਾਮਦ ਕੀਤਾ ਗਿਆ ਸੀ। ਇਹ ਅਪਰਾਧ ਗੰਭੀਰ ਕਿਸਮ ਦਾ ਹੈ ਅਤੇ ਮੁਲਜ਼ਮ/ਅਰਜ਼ੀਕਰਤਾ ਨੇ ਆਪਣੇ ਸਾਥੀਆਂ ਸਮੇਤ ਸ਼ਿਕਾਇਤਕਰਤਾ ਨੂੰ ਅਗਵਾ ਕਰਨ ਤੇ ਫਿਰ ਪੈਸੇ ਵਸੂਲਣ ਲਈ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਬੇਹੱਦ ਘਿਨੌਣੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਦੇ ਕਾਨੂੰਨੀ ਪ੍ਰਕਿਰਿਆ ਤੋਂ ਭੱਜਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਇਸ ਲਈ ਮੁਲਜ਼ਮ ਨੂੰ ਜ਼ਮਾਨਤ ਦੇਣ ਲਈ ਕੋਈ ਆਧਾਰ ਨਹੀਂ ਬਣਦਾ ਅਤੇ ਇਸ ਲਈ ਗੁਰਫ਼ਤਿਹ ਸਿੰਘ ਦੀ ਜ਼ਮਾਨਤ ਖ਼ਾਰਜ ਕਰ ਦਿੱਤੀ।

