Punjab: Over a dozen rounds fired during vehicle weighing; area gripped by panic
ਪੰਜਾਬ: ਗੱਡੀਆਂ ਦਾ ਵਜ਼ਨ ਕਰਵਾਉਣ ‘ਤੇ ਚੱਲੀਆਂ ਦਰਜਨ ਤੋਂ ਵੱਧ ਗੋਲੀਆਂ, ਦਹਿਲਿਆ ਇਹ ਇਲਾਕਾ
ਪੱਟੀ (ਆਵਾਜ਼ਿ ਕੌਮ ਬਿਊਰੋ)-ਪੱਟੀ ਇਲਾਕੇ ’ਚ ਦੇਰ ਸ਼ਾਮ ਕਰੀਬ 6 ਵਜੇ ਖੇਮਕਰਨ ਰੋਡ ’ਤੇ ਗੱਡੀਆਂ ਅਤੇ ਟਰੱਕਾਂ ਦਾ ਵਜ਼ਨ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਘਟਨਾ ਦੌਰਾਨ ਕਰੀਬ 15 ਤੋਂ 16 ਗੋਲੀਆਂ ਚੱਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗੋਲੀਆਂ ਚੱਲਣ ਦੀਆਂ ਆਵਾਜ਼ਾਂ ਕਾਰਨ ਇਲਾਕੇ ’ਚ ਦਹਿਸ਼ਤ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਖੇਮਕਰਨ ਰੋਡ ਪੱਟੀ ’ਤੇ ਟਰੱਕਾਂ ਦਾ ਵਜ਼ਨ ਕਰਵਾਉਣ ਲਈ ਲੱਗੇ ਕੰਡੇ ’ਤੇ ਪਹਿਲਾਂ ਵਜ਼ਨ ਕਰਵਾਉਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸ਼ਿੰਗਾਰਾ ਸਿੰਘ ਵਾਸੀ ਠੱਕਰਪੁਰਾ ਆਪਣੀ ਗੱਡੀ ਪਹਿਲਾਂ ਲੋਡ ਕਰਵਾ ਕੇ ਉਸ ਦਾ ਵਜ਼ਨ ਕਰਵਾਉਣਾ ਚਾਹੁੰਦਾ ਸੀ, ਜਦਕਿ ਦੂਜੀ ਧਿਰ ਬਿੱਲਾ ਪਹਿਲਵਾਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਵਧ ਗਈ। ਇਸ ਦੌਰਾਨ ਕਥਿਤ ਤੌਰ ’ਤੇ ਸ਼ਿੰਗਾਰਾ ਸਿੰਘ ਵੱਲੋਂ ਦੂਜੀ ਧਿਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਗੋਲੀਆਂ ਚੱਲਣ ਕਾਰਨ ਆਪਣੀ ਜਾਨ ਬਚਾਉਣ ਲਈ ਬਿੱਲਾ ਪਹਿਲਵਾਨ ਵਾਸੀ ਬੜੀ ਮੰਡੀ ਪੱਟੀ ਨੇ ਮੁਲਜ਼ਮ ਸ਼ਿੰਗਾਰਾ ਸਿੰਘ ਵੱਲ ਇੱਟਾਂ ਅਤੇ ਪੱਥਰ ਸੁੱਟੇ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਮੁਖੀ ਵਿਪਿਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸ਼ਿੰਗਾਰਾ ਸਿੰਘ ਵਾਸੀ ਠੱਕਰਪੁਰਾ ਅਤੇ ਉਸ ਦੇ 8 ਅਣਪਛਾਤੇ ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

