Houthi rebel missile attack on Riyadh airport: 12 people killed, flights cancelled
ਰਿਆਦ ਏਅਰਪੋਰਟ ‘ਤੇ ਹੂਤੀ ਬਾਗੀਆਂ ਦਾ ਮਿਜ਼ਾਈਲ ਹਮਲਾ: 12 ਲੋਕਾਂ ਦੀ ਮੌਤ, ਉਡਾਣਾਂ ਰੱਦ
ਰਿਆਦ (ਆਵਾਜ਼ਿ ਕੌਮ ਬਿਊਰੋ)- ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਈਰਾਨ ਸਮਰਥਿਤ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਇੱਕ ਵੱਡੇ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਸ ਹਫ਼ਤੇ ਰਿਆਦ ਏਅਰਪੋਰਟ ‘ਤੇ ਇਹ ਤੀਜਾ ਹਮਲਾ ਹੈ। ਹਮਲੇ ਤੋਂ ਬਾਅਦ ਸਾਊਦੀ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੰਚਾਲਨ ਨੂੰ ਆਰਜ਼ੀ (ਅਸਥਾਈ) ਤੌਰ ‘ਤੇ ਰੋਕ ਦਿੱਤਾ ਹੈ। ਸਾਊਦੀ ਸਿਵਲ ਏਵੀਏਸ਼ਨ ਅਥਾਰਟੀ ਅਨੁਸਾਰ, ਮਾਰੇ ਗਏ 12 ਵਿਅਕਤੀਆਂ ਵਿੱਚ 4 ਸਾਊਦੀ ਨਾਗਰਿਕ, 2 ਬੰਗਲਾਦੇਸ਼ੀ ਨਾਗਰਿਕ ਅਤੇ ਅਮਰੀਕਾ, ਜਾਰਡਨ, ਫਲਸਤੀਨ, ਸੀਰੀਆ, ਸੂਡਾਨ ਅਤੇ ਮਿਸਰ ਦਾ 1-1 ਨਾਗਰਿਕ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਕੁੱਲ ਗਿਣਤੀ ਵਧ ਕੇ 309 ਹੋ ਗਈ ਹੈ। ਮਿਜ਼ਾਈਲ ਹਮਲੇ ਦੌਰਾਨ ਹਵਾਈ ਅੱਡੇ ਦੇ ਟਰਮੀਨਲ-3 ਦੇ ਆਸ-ਪਾਸ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਧੂੰਆਂ ਉੱਠਦਾ ਦੇਖਿਆ ਗਿਆ। ਖੇਤਰੀ ਅਧਿਕਾਰੀਆਂ ਅਨੁਸਾਰ ਟਰਮੀਨਲ-3 ਅਤੇ ਟਰਮੀਨਲ-4 ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਮਲੇ ਤੋਂ ਬਾਅਦ ਕਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ, ਜਦਕਿ ਕੁਝ ਉਡਾਣਾਂ ਵਾਪਸ ਮੁੜ ਗਈਆਂ। ਏਅਰਪੋਰਟ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਜਾਂਚਣ ਦੀ ਹਦਾਇਤ ਕੀਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹੋਏ ਦੋ ਹਮਲਿਆਂ ਵਿੱਚ 3 ਸਾਊਦੀ ਨਾਗਰਿਕਾਂ ਦੀ ਮੌਤ ਹੋਈ ਸੀ। ਹਮਲੇ ਦੇ ਮੱਦੇਨਜ਼ਰ ਰਿਆਦ ਸਥਿਤ ਅਮਰੀਕੀ ਦੂਤਾਵਾਸ ਨੇ 10 ਅਕਤੂਬਰ ਨੂੰ ਆਪਣੇ ਨਾਗਰਿਕਾਂ ਲਈ ਸੁਰੱਖਿਆ ਚਿਤਾਵਨੀ ਜਾਰੀ ਕਰਕੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

