In Italy, extreme heat followed by torrential rain is turning into a natural calamity for several regions
ਇਟਲੀ ‘ਚ ਪਹਿਲਾਂ ਅੱਤ ਦੀ ਗਰਮੀ ਤੇ ਹੁਣ ਅੱਤ ਦਾ ਮੀਂਹ ਕਈ ਸੂਬਿਆਂ ਲਈ ਬਣ ਰਿਹਾ ਕੁਦਰਤੀ ਕਹਿਰ
ਇਟਲੀ (ਆਵਾਜ਼ਿ ਕੌਮ ਬਿਊਰੋ)-ਬੀਤੇ ਕਈ ਦਿਨਾਂ ਤੋਂ ਚੱਲ ਰਿਹਾ ਖਰਾਬ ਮੌਸਮ ਇਟਲੀ ਦੇ ਕਈ ਸੂਬਿਆਂ ਦੇ ਲੋਕਾਂ ਲਈ ਵੱਡੀਆਂ ਪ੍ਰੇਸ਼ਾਨੀਆਂ ਲੈ ਆ ਰਿਹਾ ਹੈ। ਕਈ ਸੂਬਿਆਂ ਵਿੱਚ ਮੀਂਹ ਦੇ ਪਾਣੀ ਅਤੇ ਤੇਜ ਤੂਫਾਨ ਨੇ ਹੜ੍ਹਾਂ ਵਰਗੇ ਹਾਲਤ ਦਿੱਤਾ ਹਨ ਜਿਸ ਦੇ ਚੱਲਦਿਆਂ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਲੋਕਾਂ ਦਾ ਜਨ-ਜੀਵਨ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ। ਸੂਬਾ ਸਚੀਲੀਆ ਤੇ ਸੂਬਾ ਲਾਸੀਓ ਵਿਖੇ ਤੇਜ ਤੂਫਾਨ ਤੇ ਭਾਰੀ ਮੀਂਹ ਨੇ ਲੋਕਾਂ ਦੇ ਘਰਾਂ ਤੇ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ।ਸੂਬਾ ਸਚੀਲੀਆ ਦੇ ਸ਼ਹਿਰ ਲਿਪਾਰੀ ਵਿਖੇ ਭਾਰੀ ਮੀਂਹ ਕਾਰਨ ਨਦੀਆਂ, ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਚੁੱਕਾ ਹੈ। ਦਰਜਨਾਂ ਘਰ ਪਾਣੀ ਵਿੱਚ ਡੁੱਬ ਚੁੱਕੇ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਰਾਹਤ ਕਰਮਚਾਰੀ ਲੋਕਾਂ ਨੂੰ ਸੁੱਰਖਿਅਤ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਸੂਬਾ ਲਾਸੀਓ ਵਿੱਚ ਜਿੱਥੇ 80 ਮਿਲੀਮੀਟਰ ਮੀਂਹ ਦੀ ਰਾਫ਼ਤਾਰ ਦਰਜ ਕੀਤੀ ਕਈ ਸ਼ਹਿਰ ਖਾਸਕਰ ਆਂਸੀਓ ਤੇ ਨੇਤੂਨੋ ਦੇ ਕਈ ਹਿੱਸੇ ਪਾਣੀ ਨਾਲ ਨੱਕੋ-ਨੱਕ ਭਰ ਗਏ ਤੇ ਹਾਲਤ ਐਮਰਜੈਂਸੀ ਵਰਗੇ ਬਣ ਗਏ ਜਦੋਂ ਕਿ ਸੂਬਾ ਸਚੀਲੀਆ ਵਿਖੇ ਮੀਂਹ ਦੀ ਰਫ਼ਤਾਰ 50 ਮਿਲੀਮੀਟਰ ਦਰਜ ਕੀਤੀ ਗਈ। ਲੋਕਾਂ ਦੇ ਘਰਾਂ ਦੇ ਨਾਲ-ਨਾਲ ਵਾਹਨਾਂ ਦਾ ਨੁਕਸਾਨ ਵੀ ਤੇਜ ਤੂਫਾਨ ਤੇ ਭਾਰੀ ਮੀਂਹ ਨੇ ਕਰ ਦਿੱਤਾ ਹੈ। ਪ੍ਰਭਾਵਿਤ ਸੂਬਿਆਂ ਵਿੱਚ ਖਰਾਬ ਮੌਸਮ, ਤੇਜ ਤੂਫਾਨ ਤੇ ਧੜੱਲੇਦਾਰ ਮੀਂਹ ਨੇ ਲੋਕਾਂ ਦੀ ਨੀਂਦ ਉੱਡਾ ਦਿੱਤੀ ਹੈ, ਬੱਚਿਆਂ ਵਾਲੇ ਪਰਿਵਾਰ ਬਹੁਤ ਹੀ ਜਿ਼ਆਦਾ ਪ੍ਰੇਸ਼ਾਨੀ ਵਿੱਚੋ਼ ਲੰਘ ਰਹੇ ਹਨ। ਸਚੀਲੀਆਂ ਦੇ ਲਿਪਾਰੀ ਸ਼ਹਿਰ ਵਿੱਚ ਮੀਂਹ ਦੇ ਪਾਣੀ ਨੇ 8 ਘਰਾਂ ਦੇ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ ਜਿਹਨਾਂ ਨੂੰ ਸਥਾਨਕ ਪ੍ਰਸ਼ਾਸ਼ਾਨ ਨੇ ਇੱਕ ਹੋਟਲ ਵਿੱਚ ਠਹਿਰਾਇਆ ਹੈ। ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਲਾਸੀਓ ਸੂਬੇ ਦੇ ਆਂਸੀਓ ਤੇ ਨੇਤੂਨੋ ਇਲਾਕਿਆਂ ਵਿੱਚ ਕਈ ਇਮਾਰਤ ਦੇ ਹੇਠਲੇ ਹਿੱਸੇ ਪਾਣੀ ਨਾਲ ਭਰੇ ਹੋਏ ਹਨ ਜਦੋਂਕਿ ਪ੍ਰਸ਼ਾਸਨ ਨੇ ਇਸ ਇਲਾਕੇ ਨੂੰ ਸੰਤਰੀ ਰੰਗ ਦੀ ਚੇਤਾਵਨੀ ਦਿੱਤੀ ਹੋਈ ਹੈ ਤੇ ਕਈ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਹੈ ਜਦੋਂ ਕਿ ਕਈ ਰੇਲ ਗੱਡੀਆਂ ਵੀ ਨਹੀਂ ਆ-ਜਾ ਰਹੀਆਂ ਹਨ। ਸਥਾਨਕ ਸ਼ਹਿਰਾਂ ਦੇ ਮੇਅਰਾਂ ਨੇ ਸਕੂਲਾਂ ਦੀਆਂ ਇਮਾਰਤਾਂ ਨੂੰ ਚੈੱਕ ਕਰਨ ਲਈ ਵਿਸੇ਼ਸ ਕਾਰਵਾਈ ਦੇ ਹੁਕਮ ਦਿੱਤੇ ਹਨ ਤਾਂ ਜੋ ਅਗਲੇ ਹਫ਼ਤੇ ਸਕੂਲਾਂ ਵਿੱਚ ਮੀਂਹ ਕਾਰਨ ਬੱਚਿਆਂ ਨੂੰ ਕਿਸੇ ਮੁਸੀਬਤਾਂ ਦਾ ਸਾਹਮਣਾ ਨਾ ਕਰਨ ਪਏ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਤੇ ਟੈਲੀਫੋਨਾਂ ਦੀ ਸੇਵਾ ਵੀ ਠੱਪ ਵਾਂਗਰ ਹੋਣ ਨਾਲ ਲੋਕ ਆਪਣੇ ਆਪ ਨੂੰ ਵੱਡੀ ਮੁਸੀਬਤ ਵਿੱਚ ਮਹਿਸੂਸ ਕਰ ਰਹੇ ਹਨ। ਸੂਬਾ ਕਲਾਬਰੀਆ ਵਿੱਚ ਲੋਕਾਂ ਲਈ ਤੇਜ ਤੂਫਾਨ ਤੇ ਮੀਂਹ ਵੱਡੀ ਕੁਦਰਤੀ ਆਫ਼ਤ ਬਣਿਆ ਜਿੱਥੇ ਕਿ ਕਈ ਵਾਹਨ ਮੀਂਹ ਦੇ ਤੇਜ਼ ਪਾਣੀ ਵਿੱਚ ਹੜ੍ਹ ਗਏ, ਉੱਥੇ ਕਈ ਘਰਾਂ ਦੀ ਛੱਤਾਂ ਤੇ ਕੰਧਾਂ ਵੀ ਢਹਿ ਗਈਆਂ ਜਿਸ ਕਾਰਨ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਅੱਤ ਦੀ ਗਰਮੀ ਨੇ ਇਟਲੀ ਦੇ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਸੀ ਤੇ ਹੁਣ ਕਈ ਸੂਬਿਆਂ ਵਿੱਚ ਅੱਤ ਦੇ ਮੀੰਹ ਤੇ ਤੂਫਾਨ ਨੇ ਜੋ ਤਬਾਹੀ ਦਾ ਤਾਂਡਵ ਸ਼ੁਰੂ ਕੀਤਾ ਹੈ, ਉਸ ਤੋਂ ਬਚਣ ਲਈ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਕੀ ਕਰਨ ਬੇਸ਼ੱਕ ਕਿ ਪ੍ਰਸ਼ਾਸ਼ਨ ਉਹਨਾਂ ਦੇ ਨਾਲ ਖੜ੍ਹਾ ਹੈ, ਰਾਹਤ ਦਸਤੇ ਲੋਕਾਂ ਨੂੰ ਸੁੱਰਖਿਅਤ ਕਰਨ ਵਿੱਚ ਲੱਗੇ ਹੋਏ ਹਨ ਪਰ ਇਸ ਦੇ ਬਾਵਜੂਦ ਲੋਕਾਂ ਦੇ ਚੇਹਰਿਆਂ ਦਾ ਰੰਗ ਉੱਡਿਆ ਹੋਇਆ ਹੈ ਕਿਉਂਕਿ ਇਹ ਕੁਦਰਤੀ ਕਹਿਰ ਲੋਕਾਂ ਨੂੰ ਘਰੋਂ-ਬੇਘਰ ਕਰ ਰਿਹਾ ਹੈ।

