Violence flares up again in Manipur: 9 dead, 14 houses set on fire in 24 hours
ਮਣੀਪੁਰ ‘ਚ ਮੁੜ ਭੜਕੀ ਹਿੰਸਾ: 24 ਘੰਟਿਆਂ ‘ਚ 9 ਲੋਕਾਂ ਦੀ ਮੌਤ, 14 ਘਰਾਂ ਨੂੰ ਲਗਾਈ ਅੱਗ
ਇੰਫਾਲ (ਆਵਾਜ਼ਿ ਕੌਮ ਬਿਊਰੋ)- ਪੂਰਬੀ-ਉੱਤਰ ਰਾਜ ਮਣੀਪੁਰ ਵਿੱਚ ਨਗਾ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਤਾਜ਼ਾ ਹਿੰਸਕ ਝੜਪਾਂ ਦੌਰਾਨ ਪਿਛਲੇ 24 ਘੰਟਿਆਂ ਵਿੱਚ 9 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜਦਕਿ 14 ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਵਧ ਗਿਆ ਹੈ ਅਤੇ ਕੁਕੀ ਸੰਗਠਨ ‘ਕਮੇਟੀ ਆਨ ਟਰਾਈਬਲ ਯੂਨਿਟੀ’ (CoTU) ਨੇ ਕਾਂਗਪੋਕਪੀ ਜ਼ਿਲ੍ਹੇ ਵਿੱਚ 24 ਘੰਟਿਆਂ ਦੇ ਪੂਰਨ ਬੰਦ ਦਾ ਐਲਾਨ ਕੀਤਾ ਹੈ। ਚਸਾਡ ਵਿੱਚ ਔਰਤ ਦੀ ਮੌਤ: ਕਾਮਜੋਂਗ ਜ਼ਿਲ੍ਹੇ ਦੇ ਚਸਾਡ ਪੁਲਸ ਸਟੇਸ਼ਨ ਨੇੜੇ ਸੁਰੱਖਿਆ ਬਲਾਂ (ਸਿਵਲ ਪੁਲਸ, ਆਈ.ਆਰ.ਬੀ. ਅਤੇ ਬੀ.ਐੱਸ.ਐੱਫ.) ਵੱਲੋਂ ਕਥਿਤ ਗੈਰ-ਕਾਨੂੰਨੀ ਬੰਕਰ ਹਟਾਉਣ ਦੇ ਆਪ੍ਰੇਸ਼ਨ ਦੌਰਾਨ ਹੋਈ ਗੋਲੀਬਾਰੀ ਵਿੱਚ 42 ਸਾਲਾ ਕੁਕੀ ਔਰਤ ਡੋਮਖੋਨੀ ਟੌਥਾਂਗ ਦੀ ਮੌਤ ਹੋ ਗਈ। ਨਗਾ ਵਿਲੇਜ ਗਾਰਡਾਂ ‘ਤੇ ਹਮਲਾ: ਕਾਮਜੋਂਗ ਜ਼ਿਲ੍ਹੇ ਦੇ ਨਿੰਗਚੋ ਚਿੰਗਡੋਂਗ ਪਿੰਡ ਵਿੱਚ ਹੋਏ ਹਮਲੇ ਵਿੱਚ ਦੋ ਨਗਾ ਵਿਲੇਜ ਗਾਰਡ—30 ਸਾਲਾ ਨ੍ਗਾਚਾਨਸੋ ਨਿੰਗਸ਼ੇਨ ਅਤੇ 50 ਸਾਲਾ ਲੀਸ਼ੀਸ਼ਨ ਹੰਗਯੋ ਮਾਰੇ ਗਏ। ਅੰਬੁਸ਼ ਵਿੱਚ ਵਲੰਟੀਅਰ ਦੀ ਮੌਤ: ਕਾਂਗਪੋਕਪੀ ਜ਼ਿਲ੍ਹੇ ਵਿੱਚ ਇੰਫਾਲ-ਤਾਮੇਂਗਲੌਂਗ ਰੋਡ ‘ਤੇ ਹੋਏ ਹਮਲੇ ਵਿੱਚ 35 ਸਾਲਾ ਨਗਾ ਵਿਲੇਜ ਵਲੰਟੀਅਰ ਮਾਚੁੰਗਵਾਂਗਬੋਉ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹੋਰ ਮੌਤਾਂ: ਇੱਕ ਹੋਰ ਘਟਨਾ ਵਿੱਚ 23 ਸਾਲਾ ਮਾਈਕਲ ਨ੍ਗਾਹਮਿਨਲੇਨ ਹਾਓਕਿਪ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇ 202 ‘ਤੇ ਕੋਂਜਾਂਗ ਪਿੰਡ ਨੇੜੇ ਆਪਣੀ ਕਾਰ ਵਿੱਚ ਜਾ ਰਹੇ 30 ਸਾਲਾ ਸੰਦੀਪ ਰਾਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਿੰਸਾ ਤੋਂ ਬਾਅਦ ਕਾਮਜੋਂਗ ਜ਼ਿਲਾ ਪ੍ਰਸ਼ਾਸਨ ਨੇ ਚਸਾਡ ਪੁਲਸ ਸਟੇਸ਼ਨ ਦੇ 400 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ‘ਤੇ ਰੋਕ ਲਗਾ ਦਿੱਤੀ ਹੈ।

