Traffic in Delhi remained disrupted for the second consecutive day due to the CJP protest; commuters faced great inconvenience
CJP ਪ੍ਰਦਰਸ਼ਨ ਕਾਰਨ ਦਿੱਲੀ ‘ਚ ਦੂਜੇ ਦਿਨ ਵੀ ਠੱਪ ਰਹੀ ਆਵਾਜਾਈ , ਖੱਜਲ-ਖੁਆਰ ਹੋਏ ਲੋਕ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਕਾਕਰੋਟ ਜਨਤਾ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤੇ ਗਏ ਨਵੇਂ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਐਤਵਾਰ ਭਾਵ ਕਿ ਪ੍ਰਦਰਸ਼ਨ ਦੇ ਦੂਜੇ ਦਿਨ ਵੀ ਦਿੱਲੀ ਦੇ ਕਈ ਇਲਾਕਿਆਂ ‘ਚ ਆਵਾਜਾਈ ਨੂੰ ਲੈ ਕੇ ਸਖਤ ਪਾਬੰਦੀਆਂ ਰਹੀਆਂ। ਦੱਸ ਦਈਏ ਕਿ ਦਿੱਲੀ ਟ੍ਰੈਫਿਕ ਪੁਲਸ ਵੱਲੋਂ ਜਾਰੀ ਕੀਤੀ ਗਈ ਸਲਾਹ ਅਨੁਸਾਰ, ਸਵੇਰੇ 6 ਵਜੇ ਤੋਂ ਵਾਹਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਇਸ ਦੌਰਾਨ ਜੰਤਰ-ਮੰਤਰ, ਕਨਾਟ ਪਲੇਸ, ਮੰਡੀ ਹਾਊਸ, ਪਟੇਲ ਚੌਕ ਅਤੇ ਲੁਟੀਅਨਜ਼ ਦਿੱਲੀ ਦੇ ਕਈ ਹੋਰ ਪ੍ਰਮੁੱਖ ਚੌਰਾਹਿਆਂ ਦੇ ਆਲੇ-ਦੁਆਲੇ ਆਵਾਜਾਈ ਠੱਪ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ, ਸੀ.ਪੀ.ਆਈ. (ਐੱਮ.) ਅਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸ.ਐੱਫ.ਆਈ.) ਸਮੇਤ ਪ੍ਰਮੁੱਖ ਵਿਦਿਆਰਥੀ ਸੰਗਠਨਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਆਪਣਾ ਅੰਦੋਲਨ ਜਾਰੀ ਰੱਖਣ ਦਾ ਐਲਾਨ ਕਰਨ ਤੋਂ ਬਾਅਦ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ। ਦੱਸ ਦਈਏ ਕਿ ਪ੍ਰਭਾਵਿਤ ਹੋਏ ਰੂਟਾਂ ‘ਚ ਅਸ਼ੋਕਾ ਰੋਡ-ਜੰਤਰ-ਮੰਤਰ ਰੋਡ ਗੋਲ ਚੱਕਰ, ਟਾਲਸਟਾਏ ਮਾਰਗ-ਜਨਪਥ ਚੌਰਾਹਾ, ਜੈ ਸਿੰਘ ਰੋਡ-ਸੰਸਦ ਮਾਰਗ ਚੌਰਾਹਾ, ਰੇਲ ਭਵਨ ਗੋਲ ਚੱਕਰ, ਪਟੇਲ ਚੌਕ, ਗੋਲ ਦਖਾਨਾ ਅਤੇ ਕਨਾਟ ਪਲੇਸ ਦੇ ਆਲੇ-ਦੁਆਲੇ ਕਈ ਚੌਰਾਹੇ ਸ਼ਾਮਲ ਹਨ। ਇਸ ਤੋਂ ਇਲਾਵਾ, ਮੰਡੀ ਹਾਊਸ, ਮਿੰਟੋ ਰੋਡ-ਦੀਨ ਦਿਆਲ ਉਪਾਧਿਆਏ ਮਾਰਗ ਚੌਰਾਹੇ, ਲੋਧੀ ਰੋਡ ਫਲਾਈਓਵਰ, ਨੀਲਾ ਗੁੰਬਦ ਗੋਲ ਚੱਕਰ, ਸਮਰਾਟ ਹੋਟਲ ਗੋਲ ਚੱਕਰ, ਸਰਦਾਰ ਪਟੇਲ ਮਾਰਗ-ਪੰਚਸ਼ੀਲ ਮਾਰਗ ਚੌਰਾਹੇ, ਭੀਕਾਜੀ ਕਾਮਾ ਪਲੇਸ ਅਤੇ ਮੋਤੀ ਬਾਗ ਫਲਾਈਓਵਰ ਦੇ ਹੇਠਾਂ ਅੰਡਰਪਾਸ ‘ਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਉਮੀਦ ਹੈ। ਇਸ ਦੌਰਾਨ ਸ਼ਨੀਵਾਰ ਨੂੰ HKS ਸੁਰਜੀਤ ਭਵਨ ਵਿਖੇ ਆਯੋਜਿਤ ਇਕ ਪ੍ਰੈਸ ਕਾਨਫਰੰਸ ‘ਚ, CJP ਨੇਤਾ ਅਜਿੰਕਿਆ ਸ਼ਿੰਦੇ ਨੇ ਕਿਹਾ ਕਿ ਜਦੋਂ ਤੱਕ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਇਹ ਜੰਤਰ-ਮੰਤਰ ਮਾਰਚ ਰੋਜ਼ ਕੱਢੀ ਜਾਵੇਗੀ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੇਲੋੜੀ ਯਾਤਰਾ ਤੋਂ ਬਚਣ ਅਤੇ ਕਾਫ਼ੀ ਵਾਧੂ ਸਮਾਂ ਲੈ ਕੇ ਘਰੋਂ ਨਿਕਲਣ, ਖਾਸ ਕਰਕੇ ਰੇਲਵੇ ਸਟੇਸ਼ਨਾਂ, ਅੰਤਰਰਾਜੀ ਬੱਸ ਟਰਮੀਨਲਾਂ ਅਤੇ ਹਵਾਈ ਅੱਡਿਆਂ ਲਈ। ਪੁਲਸ ਨੇ ਕਿਹਾ ਕਿ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ, ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ ਜਾਂ ਬਦਲੀਆਂ ਜਾਣਗੀਆਂ।

