124 former officials come out in support of the Election Commission; write an open letter to the citizens of the country
SIR ਤੇ ਚੋਣ ਕਮਿਸ਼ਨ ਦੇ ਸਮਰਥਨ ’ਚ 124 ਸਾਬਕਾ ਅਧਿਕਾਰੀ, ਦੇਸ਼ ਦੇ ਨਾਗਰਿਕਾਂ ਦੇ ਨਾਂ ਲਿਖਿਆ ਖੁੱਲ੍ਹਾ ਪੱਤਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.), ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਅਤੇ ਹੋਰ ਸਬੰਧਤ ਸੇਵਾਵਾਂ ਦੇ 124 ਸਾਬਕਾ ਅਧਿਕਾਰੀਆਂ ਨੇ ਦੇਸ਼ ਦੇ ਨਾਗਰਿਕਾਂ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰ ਕੇ ਚੋਣ ਕਮਿਸ਼ਨ ਅਤੇ ਐੱਸ. ਆਈ. ਆਰ. ਦੀ ਪ੍ਰਕਿਰਿਆ ਦਾ ਪੁਰਜ਼ੋਰ ਸਮਰਥਨ ਕੀਤਾ ਹੈ ਅਤੇ ਬਿਨਾਂ ਕਿਸੇ ਠੋਸ ਸਬੂਤ ਦੇ ਚੋਣ ’ਚ ਘਪਲੇ ਦੇ ਦੋਸ਼ ਲਾਏ ਜਾਣ ’ਤੇ ਸਵਾਲ ਚੁੱਕੇ ਹਨ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ’ਚ ਚੋਣਾਂ ਦੌਰਾਨ ਪੋਲਿੰਗ ਕੇਂਦਰਾਂ ’ਤੇ ਕਬਜ਼ਾ ਕਰਨ, ਬੈਲਟ ਬਾਕਸਾਂ ’ਚ ਫਰਜ਼ੀ ਵੋਟਾਂ ਪਾਉਣ ਅਤੇ ਹਿੰਸਾ ਦੀਆਂ ਘਟਨਾਵਾਂ ਦਾ ਦੌਰ ਪਿੱਛੇ ਛੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਚੋਣ ਪ੍ਰਣਾਲੀ ’ਚ ਕਈ ਪੱਧਰਾਂ ’ਚ ਜਾਂਚ ਤੇ ਸੁਰੱਖਿਆ ਦੇ ਪ੍ਰਬੰਧ ਹਨ, ਜਿਨ੍ਹਾਂ ’ਚ ਪੋਲਿੰਗ ਏਜੰਟਾਂ ਦੀ ਮੌਜੂਦਗੀ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਨੂੰ ਸੀਲ ਕਰਨਾ, ‘ਸਟ੍ਰੌਂਗ ਰੂਮ’ ਦੀ ਸੁਰੱਖਿਆ ਅਤੇ ਵੀ. ਵੀ. ਪੈਟ ਦੀ ਤਸਦੀਕ ਸ਼ਾਮਲ ਹੈ। ਅਧਿਕਾਰੀਆਂ ਨੇ ਪਿਛਲੇ ਸਾਲ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਦੀ ਉਦਾਹਰਣ ਦਿੱਤੀ, ਜਿਸ ’ਚ ਕਿਸੇ ਵੀ ਪੋਲਿੰਗ ਕੇਂਦਰ ’ਤੇ ਮੁੜ-ਮਤਦਾਨ ਨਹੀਂ ਕਰਵਾਉਣਾ ਪਿਆ ਅਤੇ 1951 ਤੋਂ ਬਾਅਦ ਸਭ ਤੋਂ ਵੱਧ ਵੋਟ ਫੀਸਦੀ ਦਰਜ ਕੀਤੀ ਗਈ। ਪੱਤਰ ’ਚ ਕਿਹਾ ਗਿਆ, ‘‘ਅਜਿਹਾ ਨਹੀਂ ਹੋ ਸਕਦਾ ਕਿ ਜਦੋਂ ਤੁਸੀਂ ਚੋਣ ਜਿੱਤੋ ਤਾਂ ਚੋਣ ਪ੍ਰਣਾਲੀ ਇਮਾਨਦਾਰ ਤੇ ਜਦੋਂ ਹਾਰ ਜਾਓ ਤਾਂ ਉਸੇ ਪ੍ਰਣਾਲੀ ’ਚ ਘਪਲੇ ਹੋਣ ਦੇ ਦੋਸ਼ ਲਾਓ।’’ ਅਧਿਕਾਰੀਆਂ ਨੇ ਕਿਹਾ ਕਿ ਇਸੇ ਚੋਣ ਕਮਿਸ਼ਨ ਹੇਠ ਕੇਂਦਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹਾਰੀ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਆਪਣੇ ਦਮ ’ਤੇ ਬਹੁਮਤ ਵੀ ਹਾਸਲ ਨਹੀਂ ਕਰ ਸਕੀ। ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਸਾਬਕਾ ਵਿਦੇਸ਼ ਸਕੱਤਰ ਕੰਵਲ ਸਿਬਲ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸਾਬਕਾ ਅਧਿਕਾਰੀ ਆਰ. ਡੀ. ਕਪੂਰ, ਸਮੀਰੇਂਦਰ ਚੈਟਰਜੀ, ਗੋਪਾਲ ਕ੍ਰਿਸ਼ਨ, ਵਿਵੇਕ ਭਾਰਦਵਾਜ ਅਤੇ ਨਵਨੀਤ ਸਹਿਗਲ ਸ਼ਾਮਲ ਹਨ।

