Great hope for kidney patients! PGI achieves a major breakthrough in kidney transplant research
ਕਿਡਨੀ ਦੇ ਮਰੀਜ਼ਾਂ ਲਈ ਵੱਡੀ ਉਮੀਦ! PGI ਨੇ ਕਿਡਨੀ ਟਰਾਂਸਪਲਾਂਟ ਖੋਜ ‘ਚ ਗੱਡੇ ਝੰਡੇ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਅੰਗ ਟਰਾਂਸਪਲਾਂਟ ਦੇ ਖੇਤਰ ’ਚ ਖੋਜ ਅਤੇ ਇਲਾਜ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਲੈ ਕੇ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਨੇ ਕੌਮੀ ਪੱਧਰ ’ਤੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੈ। ਹੈਦਰਾਬਾਦ ’ਚ ਹੋਈ ਇੰਡੀਅਨ ਸੁਸਾਇਟੀ ਆਫ਼ ਆਰਗਨ ਟਰਾਂਸਪਲਾਂਟੇਸ਼ਨ (ਆਈ. ਐੱਸ. ਓ. ਟੀ.) ਦੀ 36ਵੀਂ ਸਲਾਨਾ ਕਾਨਫਰੰਸ ਦੌਰਾਨ ਸੰਸਥਾ ਦੇ ਡਾਕਟਰਾਂ ਨੂੰ ਵੱਖ-ਵੱਖ ਖੋਜ ਕਾਰਜਾਂ ਲਈ ਪੁਰਸਕਾਰ ਮਿਲੇ, ਜਦਕਿ ਪੀ. ਜੀ. ਆਈ. ਨੂੰ ‘ਸਟਾਰ ਸਵੈਪ ਟਰਾਂਸਪਲਾਂਟ ਸੈਂਟਰ ਐਵਾਰਡ-2026’ ਨਾਲ ਵੀ ਸਨਮਾਨਿਤ ਕੀਤਾ ਗਿਆ। ਕਾਨਫਰੰਸ ਦੇ ਉਦਘਾਟਨੀ ਸਮਾਗਮ ਦੌਰਾਨ ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਰਕਸ਼ਾ ਨਿਖਿਲ ਖਡਸੇ ਨੇ ਐਵਾਰਡ ਪ੍ਰਦਾਨ ਕੀਤੇ। ਪੀ. ਜੀ. ਆਈ. ਦੇ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦੇਵਪ੍ਰਕਾਸ਼ ਚੌਧਰੀ ਨੂੰ ਭਾਰਤ ’ਚ ਨੌਰਮੋਥਰਮਿਕ ਮਸ਼ੀਨ ਪਰਫਿਊਜ਼ਨ ਦੇ ਖੇਤਰ ’ਚ ਮੋਹਰੀ ਕੰਮ ਲਈ ‘ਟੈਂਕਰ ਯੰਗ ਇਨਵੈਸਟੀਗੇਟਰ ਐਵਾਰਡ-2026’ ਦਿੱਤਾ ਗਿਆ। ਇਸ ਤਕਨੀਕ ਰਾਹੀਂ ਉਨ੍ਹਾਂ ਨੇ ਦਾਨ ’ਚ ਮਿਲੇ ਉਨ੍ਹਾਂ ਗੁਰਦਿਆਂ ਦੀ ਵਰਤੋਂ ਸੰਭਵ ਬਣਾਉਣ ਲਈ ਕੰਮ ਕੀਤਾ, ਜਿਨ੍ਹਾਂ ਨੂੰ ਹੋਰਨਾਂ ਹਾਲਾਤ ’ਚ ਰੱਦ ਕਰ ਦਿੱਤਾ ਜਾਂਦਾ। ਡਾ. ਚੌਧਰੀ ਨੇ ਇਹ ਐਵਾਰਡ ਆਪਣੇ ਗੁਰੂ ਡਾ. ਆਸ਼ੀਸ਼ ਸ਼ਰਮਾ ਨੂੰ ਸਮਰਪਿਤ ਕੀਤਾ। ਪੀ. ਜੀ. ਆਈ. ਨੂੰ ਖੋਜ ਦੇ ਖੇਤਰ ’ਚ ਚਾਰ ਆਈ. ਐੱਸ. ਓ. ਟੀ. ਮੈਂਟਰ-ਮੈਂਟੀ ਐਵਾਰਡ ਮਿਲੇ। ਫਾਰਮਾਕੋਲੋਜੀ ਵਿਭਾਗ ਦੀ ਪ੍ਰੋ. ਸਮਿਤਾ ਪਟਨਾਇਕ ਅਤੇ ਰਿਤਿਕਾ ਪੰਵਾਰ ਨੂੰ ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਮਰੀਜ਼ਾਂ ’ਚ ਟੈਕਰੋਲਿਮਸ ਦਵਾਈ ਦੀ ਵਰਤੋਂ ਅਤੇ ਵਿਅਕਤੀਗਤ ਲੋੜ ਮੁਤਾਬਕ ਇਮਿਊਨੋਸਪ੍ਰੈਸ਼ਨ ਇਲਾਜ ਬਾਰੇ ਖੋਜ ਲਈ ਸਨਮਾਨਿਤ ਕੀਤਾ ਗਿਆ। ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਤਿੰਨ ਹੋਰ ਖੋਜ ਕਾਰਜਾਂ ਨੂੰ ਵੀ ਐਵਾਰਡ ਮਿਲੇ। ਪ੍ਰੋ. ਦੀਪੇਸ਼ ਕੇਨਵਰ ਅਤੇ ਡਾ. ਕਪਿਲ ਗੋਥਵਾਲ ਨੂੰ ਵਧੇਰੇ ਉਮਰ ਵਾਲੇ ਜੀਵਤ ਕਿਡਨੀ ਦਾਨੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਤੋਂ ਕਿਡਨੀ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੇ ਨਤੀਜਿਆਂ ਦੇ ਮੁਲਾਂਕਣ ਸਬੰਧੀ ਖੋਜ ਲਈ ਸਨਮਾਨਿਤ ਕੀਤਾ ਗਿਆ। ਡਾ. ਸਰਬਪ੍ਰੀਤ ਸਿੰਘ ਅਤੇ ਡਾ. ਬੇਲਮਿਨ ਵਿੰਸਟਨ ਨੂੰ ਟਰਾਂਸਪਲਾਂਟ ਤੋਂ ਬਾਅਦ ਸ਼ੂਗਰ ਹੋਣ ਦੇ ਖ਼ਤਰੇ ਦਾ ਅੰਦਾਜ਼ਾ ਲਗਾਉਣ ਲਈ ਲਗਾਤਾਰ ਗਲੂਕੋਜ਼ ਨਿਗਰਾਨੀ ਤਕਨੀਕ ਦੀ ਵਰਤੋਂ ਬਾਰੇ ਖੋਜ ਲਈ ਐਵਾਰਡ ਦਿੱਤਾ ਗਿਆ। ਇਸੇ ਤਰ੍ਹਾਂ ਡਾ. ਦੇਵਪ੍ਰਕਾਸ਼ ਚੌਧਰੀ ਅਤੇ ਡਾ. ਰੋਹਨ ਰਾਓ ਨੂੰ ਜੀਵਤ ਦਾਨੀ ਦੀ ਸਰਜਰੀ ਅਤੇ ਟ੍ਰਾਂਸਪਲਾਂਟ ਦੇ ਨਤੀਜਿਆਂ ਵਿਚਕਾਰ ਸਬੰਧਾਂ ਬਾਰੇ ਅਧਿਐਨ ਲਈ ਸਨਮਾਨਿਤ ਕੀਤਾ ਗਿਆ। ਅਲਾਇੰਸ ਫਾਰ ਪੇਅਰਡ ਕਿਡਨੀ ਡੋਨੇਸ਼ਨ ਵੱਲੋਂ ਪੀ. ਜੀ. ਆਈ. ਨੂੰ ‘ਸਟਾਰ ਸਵੈਪ ਟਰਾਂਸਪਲਾਂਟ ਸੈਂਟਰ ਐਵਾਰਡ-2026’ ਨਾਲ ਨਿਵਾਜਿਆ ਗਿਆ। ਸੰਸਥਾ ਵੱਲੋਂ ਇਮਿਊਨੋਪੈਥੋਲੋਜੀ ਵਿਭਾਗ ਦੀ ਡਾ. ਲੇਖਾ ਰਾਣੀ ਨੇ ਇਹ ਐਵਾਰਡ ਪ੍ਰਾਪਤ ਕੀਤਾ। ਕਾਨਫਰੰਸ ਦੀ ਅਗਵਾਈ ਆਈ.ਐੱਸ.ਓ.ਟੀ. ਦੇ ਪ੍ਰਧਾਨ ਡਾ. ਸੰਜੇ ਕੋਲਤੇ ਅਤੇ ਆਨਰੇਰੀ ਸਕੱਤਰ ਡਾ. ਮਨਿਸ਼ ਆਰ. ਬਲਵਾਨੀ ਕਰ ਰਹੇ ਹਨ। ਸਮਾਗਮ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ। ਸੂਬੇ ਦੇ ਸਿਹਤ ਮੰਤਰੀ ਸੀ. ਦਾਮੋਦਰ ਰਾਜਨਰਸਿੰਹਾ, ਕੇਂਦਰੀ ਰਾਜ ਮੰਤਰੀ ਰਕਸ਼ਾ ਖਡਸੇ ਅਤੇ ਨੈਸ਼ਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (ਨੋਟੋ) ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਦਰਸਾਇਆ ਗਿਆ।

