Raid on hospital in Bathinda; reports of staff mobile phones being confiscated
ਬਠਿੰਡਾ ‘ਚ ਹਸਪਤਾਲ ’ਤੇ ਛਾਪੇਮਾਰੀ, ਸਟਾਫ਼ ਦੇ ਮੋਬਾਇਲ ਫੋਨ ਜ਼ਬਤ ਕਰਨ ਦੀ ਸੂਚਨਾ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਬਠਿੰਡਾ ‘ਚ ਅੱਜ ਪਾਰਕ ਹਸਪਤਾਲ ‘ਚ ਕੇਂਦਰੀ ਜਾਂਚ ਏਜੰਸੀ ਦੀ ਕਾਰਵਾਈ ਹੋਣ ਦੀ ਸੂਚਨਾ ਨਾਲ ਹਲਚਲ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ‘ਚ ਪਹੁੰਚੀ ਜਾਂਚ ਟੀਮ ਵੱਲੋਂ ਸਟਾਫ਼ ਦੇ ਮੋਬਾਇਲ ਫੋਨ ਆਪਣੇ ਕਬਜ਼ੇ ‘ਚ ਲਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ ਦੀ ਸੁਰੱਖਿਆ ‘ਚ ਤਾਇਨਾਤ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਪਾਬੰਦੀ ‘ਚ ਪੁਲਸ ਅਧਿਕਾਰੀਆਂ ਦੇ ਦਾਖ਼ਲੇ ਨੂੰ ਲੈ ਕੇ ਵੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ,ਇਹ ਕਾਰਵਾਈ ਸਿਰਫ਼ ਬਠਿੰਡਾ ਤੱਕ ਸੀਮਤ ਨਹੀਂ, ਸਗੋਂ ਪੰਜਾਬ ‘ਚ ਪਾਰਕ ਹਸਪਤਾਲਾਂ ਦੀ ਲੜੀ ਨਾਲ ਜੁੜੇ ਹੋਰ ਟਿਕਾਣਿਆਂ ’ਤੇ ਵੀ ਜਾਂਚ ਕੀਤੇ ਜਾਣ ਦੀ ਚਰਚਾ ਹੈ। ਹਾਲਾਂਕਿ ਪੰਜਾਬ ਭਰ ‘ਚ ਇਕੱਠੇ ਛਾਪਿਆਂ, ਜਾਂਚ ਦੇ ਅਸਲ ਕਾਰਨਾਂ ਅਤੇ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ। ਇਸ ਮਾਮਲੇ ‘ਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਕਾਰਵਾਈ ਕਰਨ ਵਾਲੀ ਏਜੰਸੀ ਨੂੰ ਲੈ ਕੇ ਵੱਖ-ਵੱਖ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਜਿੱਥੇ ਇਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਰੇਡ ਦੱਸਿਆ ਜਾ ਰਿਹਾ ਹੈ, ਉੱਥੇ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦੱਸੇ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਕਾਰਨ ਜਾਂਚ ਦੀ ਅਸਲ ਪ੍ਰਕਿਰਤੀ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਜਦੋਂ ਤੱਕ ਸਬੰਧਿਤ ਵਿਭਾਗ ਵੱਲੋਂ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਕਾਰਵਾਈ ਈ. ਡੀ. ਵੱਲੋਂ ਹੀ ਕੀਤੀ ਜਾ ਰਹੀ ਹੈ ਜਾਂ ਇਨਕਮ ਟੈਕਸ ਵਿਭਾਗ ਵੱਲੋਂ। ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਵੱਲੋਂ ਹਸਪਤਾਲ ਦੇ ਸਟਾਫ਼ ਦੇ ਮੋਬਾਇਲ ਫੋਨ ਆਪਣੇ ਕਬਜ਼ੇ ‘ਚ ਲਏ ਗਏ ਹਨ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬਾਹਰਲੇ ਵਿਅਕਤੀਆਂ ਨੂੰ ਅੰਦਰ ਨਾ ਜਾਣ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ, ਮੋਬਾਇਲ ਫੋਨ ਜ਼ਬਤ ਕਰਨ ਦੀ ਕਾਰਵਾਈ, ਇਸ ਦੇ ਪਿੱਛੇ ਕਾਰਨ ਅਤੇ ਜਾਂਚ ਦੌਰਾਨ ਕੀਤੇ ਜਾ ਰਹੇ ਹੋਰ ਕਦਮਾਂ ਬਾਰੇ ਅਧਿਕਾਰਤ ਵੇਰਵੇ ਉਪਲੱਬਧ ਨਹੀਂ ਹਨ। ਫਿਲਹਾਲ ਇਸ ਕਾਰਵਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜਾਂਚ ਕਿਸ ਮਾਮਲੇ ਨਾਲ ਸਬੰਧਿਤ ਹੈ, ਕੀ ਇਹ ਕਾਰਵਾਈ ਸਿਰਫ਼ ਵਿੱਤੀ ਰਿਕਾਰਡ ਦੀ ਜਾਂਚ ਤੱਕ ਸੀਮਤ ਹੈ ਅਤੇ ਪੰਜਾਬ ਦੇ ਹੋਰ ਹਸਪਤਾਲਾਂ ‘ਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਜਾਂ ਨਹੀਂ-ਇਨ੍ਹਾਂ ਸਵਾਲਾਂ ਦੇ ਜਵਾਬ ਸਬੰਧਿਤ ਏਜੰਸੀ ਦੇ ਅਧਿਕਾਰਤ ਬਿਆਨ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ।

