A new stir in Punjab politics! Manpreet Badal met PM Modi and extended an invitation to his daughter’s wedding
ਪੰਜਾਬ ਦੀ ਸਿਆਸਤ ‘ਚ ਨਵੀਂ ਹਲਚਲ! PM ਮੋਦੀ ਨੂੰ ਮਿਲਣ ਪੁੱਜੇ ਮਨਪ੍ਰੀਤ ਬਾਦਲ, ਧੀ ਦੇ ਵਿਆਹ ਦਾ ਦਿੱਤਾ ਸੱਦਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਪਣੀ ਧੀ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਮੌਕੇ ਮਨਪ੍ਰੀਤ ਬਾਦਲ ਆਪਣੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਹ ਦਾ ਸੱਦਾ ਪੱਤਰ, ਮਠਿਆਈਆਂ ਦੇ ਡੱਬੇ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਮਨਪ੍ਰੀਤ ਸਿੰਘ ਬਾਦਲ ਨੇ ਇਸ ਮੁਲਾਕਾਤ ਨੂੰ ਸੁਖਾਵਾਂ ਦੱਸਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਇਸ ਮੁਲਾਕਾਤ ਦੌਰਾਨ ਮਨਪ੍ਰੀਤ ਬਾਦਲ ਦੀ ਪਤਨੀ, ਪੁੱਤਰ ਅਤੇ ਧੀ ਵੀ ਨਜ਼ਰ ਆਏ। ਪਰਿਵਾਰ ਵੱਲੋਂ ਪ੍ਰਧਾਨ ਮੰਤਰੀ ਨੂੰ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ। ਇਸ ਮੁਲਾਕਾਤ ਤੋਂ ਬਾਅਦ ਸਿਆਸੀ ਹਲਕਿਆਂ ‘ਚ ਬਾਦਲ ਪਰਿਵਾਰ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਿਚਾਲੇ ਸਬੰਧਾਂ ਦੀ ਚਰਚਾ ਵੀ ਹੋ ਰਹੀ ਹੈ। ਇਸ ਦਾ ਇੱਕ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ ਵਿਚਾਲੇ ਰਹੇ ਸਬੰਧ ਵੀ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਦੋਵਾਂ ਆਗੂਆਂ ਦੀਆਂ ਮੁਲਾਕਾਤਾਂ ਅਤੇ ਇਕ-ਦੂਜੇ ਪ੍ਰਤੀ ਸਤਿਕਾਰ ਦੇ ਕਈ ਮੌਕੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਸਮੇਂ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੇ ਸਤਿਕਾਰ ਭਰੇ ਵਿਹਾਰ ਦੀ ਤਸਵੀਰ ਵੀ ਕਾਫ਼ੀ ਚਰਚਾ ‘ਚ ਰਹੀ ਸੀ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਤਜੁਰਬੇਕਾਰ ਆਗੂ ਰਹੇ ਹਨ ਅਤੇ ਕੌਮੀ ਪੱਧਰ ‘ਤੇ ਵੀ ਉਨ੍ਹਾਂ ਦੀ ਪਛਾਣ ਸੀ। ਮਨਪ੍ਰੀਤ ਸਿੰਘ ਬਾਦਲ ਦਾ ਸਿਆਸੀ ਸਫ਼ਰ ਵੀ ਵੱਖ-ਵੱਖ ਪੜਾਵਾਂ ਵਿੱਚੋਂ ਲੰਘਿਆ ਹੈ। ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਅਤੇ ਬਾਅਦ ‘ਚ ਆਪਣੀ ਵੱਖਰੀ ਸਿਆਸੀ ਪਾਰਟੀ ਬਣਾਈ। ਇਸ ਤੋਂ ਬਾਅਦ ਉਹ ਕਾਂਗਰਸ ‘ਚ ਸ਼ਾਮਲ ਹੋਏ ਅਤੇ ਪੰਜਾਬ ‘ਚ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਈ। ਬਾਅਦ ‘ਚ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ। ਹੁਣ ਧੀ ਦੇ ਵਿਆਹ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਵਾਸਤੇ ਕੀਤੀ ਗਈ ਇਸ ਮੁਲਾਕਾਤ ਨੇ ਮਨਪ੍ਰੀਤ ਬਾਦਲ ਅਤੇ ਕੇਂਦਰੀ ਲੀਡਰਸ਼ਿਪ ਵਿਚਾਲੇ ਸਬੰਧਾਂ ਨੂੰ ਮੁੜ ਚਰਚਾ ‘ਚ ਲਿਆ ਦਿੱਤਾ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਵੱਲੋਂ ਵਿਆਹ ਸਮਾਗਮ ‘ਚ ਸ਼ਾਮਲ ਹੋਣ ਬਾਰੇ ਕੋਈ ਪੁਸ਼ਟੀ ਇਸ ਬਿਆਨ ‘ਚ ਸਾਹਮਣੇ ਨਹੀਂ ਆਈ।

