Punjab: People shaken by the sound of a massive blast! They rushed out of their homes as windows and doors rattled
ਪੰਜਾਬ : ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ ਖਿੜਕੀਆਂ-ਦਰਵਾਜ਼ੇ
ਪਟਿਆਲਾ (ਆਵਾਜ਼ਿ ਕੌਮ ਬਿਊਰੋ)-ਪਟਿਆਲਾ ਦੇ ਕੁੱਝ ਇਲਾਕਿਆਂ ‘ਚ ਬੀਤੀ ਦੇਰ ਸ਼ਾਮ ਬੇਹੱਦ ਉੱਚੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਕਈ ਇਲਾਕਿਆਂ ਦੇ ਘਰਾਂ ਅਤੇ ਦਰਵਾਜ਼ੇ-ਖਿੜਕੀਆਂ ਵੀ ਖੜਕ ਉੱਠੇ। ਇਸ ਤੋਂ ਇਲਾਵਾ ਘਰਾਂ ‘ਚ ਬੈਠੇ ਲੋਕਾਂ ਨੂੰ ਵੀ ਡਰ ਮਹਿਸੂਸ ਹੋਇਆ ਕਿਉਂਕਿ ਇਹ ਅਚਾਨਕ ਬਹੁਤ ਉੱਚੀ ਸੁਣਨ ਵਾਲਾ ਧਮਾਕਾ ਸੀ, ਜਿਸ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਜ਼ਿਆਦਾਤਰ ਲੋਕ ਆਪਣੇ ਘਰਾਂ ‘ਚੋਂ ਬਾਹਰ ਨਿਕਲ ਆਏ ਅਤੇ ਸੋਸ਼ਲ ਮੀਡੀਆ ‘ਤੇ ਵੀ ਸਵਾਲਾਂ ਦੀ ਭਰਮਾਰ ਹੋ ਗਈ। ਹਾਲਾਂਕਿ ਇਨ੍ਹਾਂ ਧਮਾਕਿਆਂ ਦਾ ਕਾਰਨ ਸੋਨਿਕ ਬੂਮ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਇਹ ਆਵਾਜ਼ ਖੇਤਰ ‘ਚ ਕੰਮ ਕਰ ਰਹੇ ਸੁਪਰ ਸੋਨਿਕ ਲੜਾਕੂ ਜਹਾਜ਼ਾਂ ਕਾਰਨ ਹੋ ਸਕਦੀ ਹੈ। ਦੱਸਣਯੋਗ ਹੈ ਕਿ ਜਦੋਂ ਜਹਾਜ਼ ਆਵਾਜ਼ ਦੀ ਰਫ਼ਤਾਰ ਤੋਂ ਤੇਜ਼ ਉੱਡਦਾ ਹੈ ਤਾਂ ਉਸ ਦੁਆਲੇ ਬਣੀਆਂ ਸਦਮਾਂ ਤਰੰਗਾਂ ਧਰਤੀ ਤੱਕ ਪਹੁੰਚ ਕੇ ਤੇਜ਼ ਗੂੰਜ ਜਾਂ ਫੱਟਣ ਵਰਗੀ ਆਵਾਜ਼ ਪੈਦਾ ਕਰਦੀਆਂ ਹਨ, ਜਿਸ ਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਪਹਿਲਾਂ ਦੀਆਂ ਆਵਾਜ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਤੇਜ਼ ਆਵਾਜ਼ ਵਾਲਾ ਸੀ। ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਲੋਕਾਂ ਨੂੰ ਡਰਨ ਅਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ। ਇਸ ਧਮਾਕੇ ਤੋਂ ਬਾਅਦ ਪੁਲਸ ਕੰਟਰੋਲ ਰੂਮ ਨੂੰ ਕੁੱਝ ਹੀ ਮਿੰਟਾਂ ‘ਚ ਸ਼ਹਿਰ ਦੇ ਕਈ ਇਲਾਕਿਆਂ, ਯੂਨੀਵਰਸਿਟੀ ਕੈਂਪਸਾਂ ਅਤੇ ਸ਼ਹਿਰ ਦੇ ਬਾਹਰਲੇ ਰਿਹਾਇਸ਼ੀ ਇਲਾਕਿਆਂ ਤੋਂ ਬਹੁਤ ਸਾਰੀਆਂ ਕਾਲਾਂ ਆਈਆਂ।

