France: Cyberattack on smart fridges! Massive havoc as temperatures reach 50°C
ਫਰਾਂਸ : ਸਮਾਰਟ ਫਰਿੱਜਾਂ ‘ਤੇ ਸਾਈਬਰ ਹਮਲਾ ! ਤਾਪਮਾਨ 50°C ਤੱਕ ਪਹੁੰਚਣ ਨਾਲ ਭਾਰੀ ਤਬਾਹੀ
Paris, (ਆਵਾਜ਼ਿ ਕੌਮ ਬਿਊਰੋ)-ਫਰਾਂਸ ਵਿੱਚ ਗੰਭੀਰ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹੈਕਰਾਂ ਨੇ ਦੇਸ਼ ਭਰ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੇ ਇੰਟਰਨੈੱਟ ਨਾਲ ਜੁੜੇ ਰੈਫ੍ਰਿਜਰੇਸ਼ਨ (ਫ੍ਰੀਜ਼ਰ) ਸਿਸਟਮ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਤਾਪਮਾਨ ਰਾਤੋ-ਰਾਤ 50 ਡਿਗਰੀ ਸੈਲਸੀਅਸ ਤੱਕ ਵਧਾ ਦਿੱਤਾ। ਇਸ ਤਾਪਮਾਨ ਵਧਣ ਕਾਰਨ ਕਈ ਥਾਵਾਂ ‘ਤੇ ਅੱਗ ਲੱਗ ਗਈ ਅਤੇ ਸੈਂਕੜੇ ਦੁਕਾਨਾਂ ਵਿੱਚ ਰੱਖਿਆ ਟਨਾਂ ਫ੍ਰੋਜ਼ਨ ਫੂਡ ਪੂਰੀ ਤਰ੍ਹਾਂ ਪਿਘਲ ਕੇ ਬਰਬਾਦ ਹੋ ਗਿਆ। ਪੈਰਿਸ ਅਭਿਯੋਜਕ ਦਫ਼ਤਰ ਨੇ ਇਸ ਘਟਨਾ ਨੂੰ ਇੱਕ ਵੱਡੇ ਪੱਧਰ ਦਾ ਸਾਈਬਰ ਹਮਲਾ ਕਰਾਰ ਦਿੱਤਾ ਹੈ। ਫਰਾਂਸ ਦੇ ਪ੍ਰਮੁੱਖ ਰਿਟੇਲ ਗਰੁੱਪ ‘ਲੇ ਮੌਸਕੇਤਿਆਰਸ’ ਅਨੁਸਾਰ, ਉਨ੍ਹਾਂ ਦੇ ‘ਇੰਟਰਮਾਰਸ਼ੇ’ ਬ੍ਰਾਂਡ ਦੇ ਲਗਭਗ 150 ਸਟੋਰਾਂ ਵਿੱਚ ਰੈਫ੍ਰਿਜਰੇਸ਼ਨ ਯੂਨਿਟਾਂ ਨੂੰ ਲਗਾਤਾਰ ਛੇ ਘੰਟਿਆਂ ਤੱਕ 50 ਡਿਗਰੀ ‘ਤੇ ਗਰਮ ਕੀਤਾ ਗਿਆ। ਇਸ ਤੋਂ ਇਲਾਵਾ, ਦਿੱਗਜ ਰਿਟੇਲਰ ‘ਕੈਰੇਫੋਰ’ ਦੇ 80 ਸੁਪਰਮਾਰਕੀਟ ਅਤੇ ‘ਮੋਨੋਪ੍ਰਿਕਸ’ ਦੇ 5 ਫੀਸਦੀ ਸਟੋਰ ਵੀ ਇਸ ਹਮਲੇ ਦੀ ਚਪੇਟ ਵਿੱਚ ਆਏ ਹਨ। ਸਿਹਤ ਜੋਖਮਾਂ ਤੋਂ ਬਚਣ ਲਈ ਪ੍ਰਭਾਵਿਤ ਭੋਜਨ ਪਦਾਰਥਾਂ ਨੂੰ ਤੁਰੰਤ ਸੁੱਟ ਦਿੱਤਾ ਗਿਆ ਹੈ। ਫ੍ਰੈਂਚ ਸਾਈਬਰ ਸੁਰੱਖਿਆ ਏਜੰਸੀ (ANSSI) ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਂਸ ਦੇ ਪ੍ਰਧਾਨ ਮੰਤਰੀ ਸੇਬੈਸਟੀਅਨ ਲੇਕੋਰਨੂ ਨੇ ਏਜੰਸੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ,ਹੈਕਰਾਂ ਨੇ ਡੈਨਿਸ਼ ਕੰਪਨੀ ‘ਡੈਨਫੌਸ’ ਦੁਆਰਾ ਲਗਾਏ ਗਏ ਰੈਫ੍ਰਿਜਰੇਸ਼ਨ ਕੰਟਰੋਲਰ (AK-SM 800A) ਦੇ ਪੁਰਾਣੇ ਸਾਫਟਵੇਅਰ ਦੀਆਂ ਸੁਰੱਖਿਆ ਖਾਮੀਆਂ ਦਾ ਫਾਇਦਾ ਉਠਾਇਆ, ਜਿਸ ਨਾਲ ਉਹ ਇੰਟਰਨੈੱਟ ਰਾਹੀਂ ਰਿਮੋਟਲੀ ਸਿਸਟਮ ਤੱਕ ਪਹੁੰਚ ਬਣਾਉਣ ਵਿੱਚ ਕਾਮਯਾਬ ਰਹੇ। ਸਾਈਬਰ ਥ੍ਰੈਟ ਇੰਟੈਲੀਜੈਂਸ ਏਜੰਸੀ ‘ਸੇਕੋਇਆ’ ਦੇ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਫਰਾਂਸ ਤੋਂ ਇਲਾਵਾ ਸਪੇਨ, ਪੁਰਤਗਾਲ, ਪੋਲੈਂਡ, ਜਰਮਨੀ ਅਤੇ ਬੈਲਜੀਅਮ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਦੇਖੀਆਂ ਗਈਆਂ ਹਨ। ਇਸੇ ਦੌਰਾਨ ਨੀਦਰਲੈਂਡਜ਼ ਦੀ ਸਭ ਤੋਂ ਵੱਡੀ ਸੁਪਰਮਾਰਕੀਟ ਚੇਨ ‘ਅਹੋਲਡ ਡੇਲਹਾਈਜ਼’ ਨੇ ਵੀ ਆਪਣੇ ਨੈੱਟਵਰਕ ਵਿੱਚ ਸੁਰੱਖਿਆ ਸਮੱਸਿਆਵਾਂ ਕਾਰਨ ਆਪਣੀ ਹੋਮ ਡਿਲਿਵਰੀ ਐਪ ਬੰਦ ਕਰ ਦਿੱਤੀ ਹੈ।

