A major truth about Parvinder Jhota’s life has come to light! Here is how he pulled himself out of a difficult time
ਪਰਵਿੰਦਰ ਝੋਟੇ ਦੀ ਜ਼ਿੰਦਗੀ ਦਾ ਵੱਡਾ ਸੱਚ ਆਇਆ ਸਾਹਮਣੇ! ਔਖੀ ਘੜੀ ‘ਚੋਂ ਇੰਝ ਕੱਢਿਆ ਖ਼ੁਦ ਨੂੰ ਬਾਹਰ
ਮਾਨਸਾ (ਆਵਾਜ਼ਿ ਕੌਮ ਬਿਊਰੋ)-ਮੁੱਕੇਬਾਜ਼ੀ ਦੇ ਰਿੰਗ ‘ਚ ਵਿਰੋਧੀਆਂ ਦੇ ਮੁੱਕਿਆਂ ਦਾ ਡੱਟ ਕੇ ਸਾਹਮਣਾ ਕਰਨ ਵਾਲਾ ਅਤੇ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਲੰਬੀ ਲੜਾਈ ਲੜਨ ਵਾਲਾ ਪਰਵਿੰਦਰ ਸਿੰਘ ਝੋਟਾ ਆਖ਼ਰ ਗੋਲੀਆਂ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ। ਨਸ਼ਿਆਂ ਖ਼ਿਲਾਫ਼ ਸੰਘਰਸ਼ ਕਾਰਨ ਪੰਜਾਬ ਭਰ ‘ਚ ਚਰਚਿਤ ਹੋਏ ਝੋਟਾ ਦੀ ਜ਼ਿੰਦਗੀ ਦਾ ਇੱਕ ਅਣਗੌਲਿਆ ਪਹਿਲੂ ਉਸ ਦਾ ਸ਼ਾਨਦਾਰ ਖੇਡ ਸਫ਼ਰ ਵੀ ਸੀ। ਉਹ ਸਿਰਫ਼ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਨੌਜਵਾਨ ਹੀ ਨਹੀਂ, ਸਗੋਂ ਕੌਮੀ ਪੱਧਰ ਦਾ ਤਗ਼ਮਾ ਜੇਤੂ ਮੁੱਕੇਬਾਜ਼ ਅਤੇ ਪੜ੍ਹਾਈ ‘ਚ ਹੁਸ਼ਿਆਰ ਵਿਦਿਆਰਥੀ ਵੀ ਸੀ। ਉਸ ਦੇ ਮੁੱਕੇਬਾਜ਼ੀ ਕੋਚ ਰਾਮਨਾਥ ਧੀਰਾ ਅਨੁਸਾਰ ਪਰਵਿੰਦਰ ਪੜ੍ਹਾਈ ਅਤੇ ਖੇਡਾਂ ਦੋਵਾਂ ‘ਚ ਬੇਹੱਦ ਹੁਸ਼ਿਆਰ ਤੇ ਮਿਹਨਤੀ ਸੀ। ਉਹ ਖ਼ਾਲਸਾ ਹਾਈ ਸਕੂਲ ਮਾਨਸਾ ‘ਚ ਬਾਕਸਿੰਗ ਦੀ ਸਿਖਲਾਈ ਲੈਂਦਾ ਰਿਹਾ। ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮੁਕਾਬਲਿਆਂ ‘ਚ ਸੋਨ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਮੁਕਾਬਲਿਆਂ ‘ਚ ਕਾਂਸੀ ਦਾ ਤਗ਼ਮਾ ਜਿੱਤਿਆ। ਮਾਨਸਾ ਦੇ ਖੇਡ ਮੈਦਾਨ ਤੋਂ ਕੌਮੀ ਪੱਧਰ ਤੱਕ ਪਹੁੰਚਣਾ ਉਸ ਦੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਸੀ। ਬਾਰ੍ਹਵੀਂ ਮੈਡੀਕਲ ਵਿਸ਼ਿਆਂ ਨਾਲ ਕਰਨ ਪਿੱਛੋਂ ਉਸ ਨੇ ਬੀ. ਐੱਸ. ਸੀ. ‘ਚ ਦਾਖ਼ਲਾ ਲਿਆ ਪਰ ਬਾਕਸਿੰਗ ਪ੍ਰਤੀ ਜਨੂੰਨ ਉਸ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲੈ ਗਿਆ, ਜਿੱਥੇ ਉਸ ਨੇ ਬੀ. ਏ. ਦੀ ਪੜ੍ਹਾਈ ਨਾਲ ਖੇਡ ਜਾਰੀ ਰੱਖੀ। ਕ੍ਰਿਕਟ ਦਾ ਵੀ ਸ਼ੌਕੀਨ ਝੋਟਾ ਇਸ ਖੇਡ ‘ਚ ਚੰਗੀਆਂ ਪ੍ਰਾਪਤੀਆਂ ਕਰ ਚੁੱਕਿਆ ਸੀ। ਉਹ ਖ਼ਾਲਸਾ ਸਕੂਲ ਦੇ ਕ੍ਰਿਕਟ ਮੈਦਾਨ ‘ਚ ਅਕਸਰ ਪਹੁੰਚ ਕੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਾ ਰਿਹਾ। ਪਰਵਿੰਦਰ ਦੀ ਜ਼ਿੰਦਗੀ ਸਿਰਫ਼ ਜਿੱਤਾਂ ਦੀ ਕਹਾਣੀ ਨਹੀਂ ਸੀ। ਉਸ ਦੇ ਜੀਵਨ ਬਾਰੇ ਸਾਂਝੇ ਵੇਰਵਿਆਂ ਅਨੁਸਾਰ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਉਹ ਖ਼ੁਦ ਨਸ਼ਿਆਂ ਦੀ ਦਲਦਲ ‘ਚ ਫਸ ਗਿਆ। ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚੋਂ ਲੰਘਦਿਆਂ ਉਸ ਨੇ ਗੁਰਬਾਣੀ ਦਾ ਆਸਰਾ ਲਿਆ, ਗੁਰੂ ਦੇ ਲੜ ਲੱਗਿਆ ਅਤੇ ਨਸ਼ਿਆਂ ਤੋਂ ਕਿਨਾਰਾ ਕਰ ਲਿਆ। ਫਿਰ ਜਿਸ ਨਸ਼ੇ ਨੇ ਕਦੇ ਉਸ ਦੀ ਆਪਣੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਸੀ, ਉਸੇ ਤੋਂ ਹੋਰਨਾਂ ਦੇ ਪੁੱਤਾਂ ਨੂੰ ਬਚਾਉਣ ਲਈ ਉਸ ਨੇ ਮੁਹਿੰਮ ਛੇੜ ਦਿੱਤੀ। ਉਹ ਨਸ਼ਿਆਂ ਦੀ ਕਥਿਤ ਵਿਕਰੀ ਦੇ ਮਾਮਲੇ ਉਠਾਉਣ ਲੱਗਾ ਅਤੇ ਨਸ਼ਾ ਤਸਕਰੀ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਚਰਚਾ ‘ਚ ਆਇਆ। ਉਸ ਦੀ ਕਾਰਜਸ਼ੈਲੀ ਵਿਵਾਦਾਂ ‘ਚ ਵੀ ਰਹੀ ਪਰ ਨਸ਼ਿਆਂ ਖ਼ਿਲਾਫ਼ ਉਸ ਦੀਆਂ ਸਰਗਰਮੀਆਂ ਜਾਰੀ ਰਹੀਆਂ। ਹੁਣ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਕਥਿਤ ਤੌਰ ‘ਤੇ ਚਲਾਈਆਂ ਗੋਲੀਆਂ ਨੇ ਉਸ ਦੀ ਜ਼ਿੰਦਗੀ ਖੋਹ ਲਈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਕੇਸ ਦਰਜ ਹੋਣ ਦੀਆਂ ਰਿਪੋਰਟਾਂ ਹਨ। ਪਰਵਿੰਦਰ ਦੀ ਮੌਤ ਨੇ ਉਸ ਦੇ ਖੇਡ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਵੀ ਮੁੜ ਤਾਜ਼ਾ ਕਰ ਦਿੱਤਾ ਹੈ। ਖ਼ਾਲਸਾ ਸਕੂਲ ਦਾ ਉਹ ਮੈਦਾਨ, ਜਿੱਥੇ ਕਦੇ ਉਹ ਮੁੱਕੇਬਾਜ਼ੀ ਦਾ ਅਭਿਆਸ ਕਰਦਾ ਸੀ ਅਤੇ ਬਾਅਦ ‘ਚ ਨੌਜਵਾਨਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਦਾ ਰਿਹਾ, ਹੁਣ ਉਸ ਦੀਆਂ ਯਾਦਾਂ ਨਾਲ ਜੁੜ ਗਿਆ ਹੈ। ਕੋਚ ਰਾਮਨਾਥ ਧੀਰਾ ਦੀਆਂ ਯਾਦਾਂ ‘ਚ ਉਹ ਪੜ੍ਹਾਈ ਅਤੇ ਖੇਡਾਂ ‘ਚ ਮਿਹਨਤ ਕਰਨ ਵਾਲੇ ਵਿਦਿਆਰਥੀ ਵਜੋਂ ਜਿਊਂਦਾ ਰਹੇਗਾ।

