Parvinder Jhota should be accorded the status of a martyr; Congress will fully support the ‘Punjab Bandh’: Raja Warring
ਪਰਵਿੰਦਰ ਝੋਟਾ ਨੂੰ ਮਿਲੇ ਸ਼ਹੀਦ ਦਾ ਦਰਜਾ, ‘ਪੰਜਾਬ ਬੰਦ’ ਦਾ ਕਾਂਗਰਸ ਕਰੇਗੀ ਪੂਰਨ ਸਮਰਥਨ: ਰਾਜਾ ਵੜਿੰਗ
ਮਾਨਸਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਨਸਾ ਵਿਖੇ ਗੋਲ਼ੀਆਂ ਮਾਰ ਕਤਲ ਕੀਤੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਪਹੁੰਚੇ। ਦੁੱਖ਼ ਸਾਂਝਾ ਕਰਨ ਤੋਂ ਬਾਅਦ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮਾਨਸਾ ਵਿਚ ਵਾਪਰੀ ਇਸ ਘਟਨਾ ਨੇ ਪੂਰੀ ਦੁਨੀਆ ‘ਚ ਵੱਸਦੇ ਲੋਕਾਂ ਦਾ ਦਿਲ ਦਹਿਲਾ ਹਿਲਾ ਕੇ ਰੱਖ ਦਿੱਤਾ ਹੈ। ਪੂਰੀ ਦੁਨੀਆ ਅਤੇ ਪੰਜਾਬ ਵਿਚ ਹਰ ਲੋਕਾਂ ਦੀ ਚਿੰਤਾ ਹੈ ਕਿ ਸਾਡਾ ਪੰਜਾਬ ਨਸ਼ੇ ਦੀ ਦਲਦਲ ਵਿਚ ਵੜ੍ਹਦਾ ਜਾ ਰਿਹਾ ਹੈ। ਰੋਜ਼ਾਨਾ ਇਸ ਦਲਦਲ ਨੇ ਕਈ ਸੈਂਕੜੇ ਪੁੱਤਾਂ ਨੂੰ ਨਿਗਲ ਲਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਰਵਿੰਦਰ ਝੋਟਾ ਨੇ ਨਸ਼ਾ ਤਸਕਰਾਂ ਵਿਰੁੱਧ ਹਿੱਕ ਤਾਣ ਕੇ ਲੜਾਈ ਲੜੀ ਅਤੇ ਆਪਣੀ ਸ਼ਹਾਦਤ ਦਿੱਤੀ ਹੈ। ਇਸ ਮੌਕੇ ਰਾਜਾ ਵੜਿੰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਵਿੰਦਰ ਝੋਟਾ ਨੂੰ ਸਰਕਾਰੀ ਤੌਰ ‘ਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇਸ ਸਬੰਧੀ ਪੰਜਾਬ ਵਿਧਾਨ ਸਭਾ ‘ਚ ਮਤਾ ਪਾਸ ਕੀਤਾ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਿਆਨ ਦਾ ਖੰਡਨ ਕਰਦੇ ਵੜਿੰਗ ਨੇ ਕਿਹਾ ਕਿ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਨਹੀਂ ਸੀ, ਸਗੋਂ ਝੋਟਾ ਨਸ਼ਾ ਤਸਕਰਾਂ ਵਿਰੁੱਧ ਆਮ ਲੋਕਾਂ ਦੀ ਆਵਾਜ਼ ਬਣ ਕੇ ਲੜਦਾ ਹੋਇਆ ਮਾਰਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਪਰਿਵਾਰ ਕੋਲ ਆ ਕੇ ਦੁੱਖ਼ ਸਾਂਝਾ ਕਰਨ। ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਪਰਿਵਾਰ ਅਤੇ 21 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਕਾਂਗਰਸ ਪਾਰਟੀ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਪੂਰਨ ਸਮਰਥਨ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ 21 ਮੈਂਬਰੀ ਕਮੇਟੀ ਅਤੇ ਪਰਿਵਾਰ ਜੋ ਵੀ ਫ਼ੈਸਲਾ ਲਵੇਗਾ, ਕਾਂਗਰਸ ਉਸ ਮੁਤਾਬਕ ਪਰਿਵਾਰ ਨਾਲ ਮਿਲ ਕੇ ਲੜਾਈ ਲੜੇਗੀ। ਸੂਬੇ ‘ਚ ਫ਼ੈਲੇ ਨਸ਼ੇ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਿਰਫ਼ ਕਰੋੜਾਂ ਰੁਪਏ ਖ਼ਰਚ ਕੇ ਕੀਤਾ ਗਿਆ ਵਿਖਾਵਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਥਾਣਿਆਂ ਨੂੰ ਨਸ਼ਾ ਤਸਕਰਾਂ ਦੀਆਂ ਵੀਡੀਓਜ਼ ਰੋਕਣ ਅਤੇ ਵੀਡੀਓ ਬਣਾਉਣ ਵਾਲਿਆਂ ‘ਤੇ ਪਰਚੇ ਦਰਜ ਕਰਨ ਜਾਂ ਡਰਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਪੁਲਸ ਪ੍ਰਸ਼ਾਸਨ ਝੋਟਾ ਵੱਲੋਂ ਮਾਨਸਾ ਪੁਲਸ ਦੀ ਪੋਲ ਖੋਲ੍ਹਣ ਕਰਕੇ ਉਸ ਤੋਂ ਖਫ਼ਾ ਸੀ।

