‘Do not post videos, stay indoors!’ – New advisory issued for Indians in Saudi Arabia
‘ਵੀਡੀਓ ਪੋਸਟ ਨਾ ਕਰੋ, ਘਰਾਂ ਦੇ ਅੰਦਰ ਰਹੋ’ ! ਸਾਊਦੀ ਅਰਬ ‘ਚ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ
Riadh, (ਆਵਾਜ਼ਿ ਕੌਮ ਬਿਊਰੋ)-ਸਾਊਦੀ ਅਰਬ ਵਿੱਚ ਹਵਾਈ ਹਮਲਿਆਂ ਅਤੇ ਹਵਾਈ ਅੱਡੇ ‘ਤੇ ਹੋਏ ਹਮਲੇ ਤੋਂ ਬਾਅਦ ਵਿਗੜ ਰਹੇ ਸੁਰੱਖਿਆ ਹਾਲਾਤ ਦਰਮਿਆਨ ਸਾਊਦੀ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਤਾਜ਼ਾ ਐਡਵਾਈਜ਼ਰੀ ਜਾਰੀ ਕੀਤੀ ਹੈ। ਰਿਆਧ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਸ਼ਾਂਤ ਅਤੇ ਚੌਕਸ ਰਹਿਣ, ਅਸਮਾਨੀ ਹਮਲੇ ਦੀ ਸੂਰਤ ਵਿੱਚ ਘਰਾਂ ਦੇ ਅੰਦਰ ਹੀ ਰਹਿਣ ਅਤੇ ਸਰਕਾਰੀ ਚੈਨਲਾਂ ਰਾਹੀਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤੀਆਂ ਨੂੰ ਚੱਲ ਰਹੀਆਂ ਘਟਨਾਵਾਂ ਨਾਲ ਸਬੰਧਤ ਵੀਡੀਓ ਜਾਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਜਾਂ ਰੀ-ਪੋਸਟ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਭਾਰਤੀ ਏਅਰਲਾਈਨਾਂ ਵੱਲੋਂ ਸਾਊਦੀ ਅਰਬ ਦੇ ਕਈ ਸ਼ਹਿਰਾਂ ਲਈ ਆਪਣੀਆਂ ਹਵਾਈ ਸੇਵਾਵਾਂ 17 ਅਕਤੂਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਅਕਾਸਾ ਏਅਰ ਅਤੇ ਇੰਡੀਗੋ ਨੇ ਰਿਆਧ, ਦਮਾਮ, ਜੱਦਾ ਅਤੇ ਮਦੀਨਾ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ‘ਜਨਰਲ ਅਥਾਰਟੀ ਆਫ਼ ਸਿਵਲ ਐਵੀਏਸ਼ਨ’ (GACA) ਨੇ ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੰਚਾਲਨ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ, ਜਦੋਂ ਕਿ ਦਮਾਮ, ਜੱਦਾ ਅਤੇ ਮਦੀਨਾ ਦੇ ਹਵਾਈ ਅੱਡਿਆਂ ‘ਤੇ ਕੰਮਕਾਜ ਜਾਰੀ ਹੈ ਪਰ ਉੱਥੇ ਵੀ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਦੂਤਾਵਾਸ ਨੇ ਸਪੱਸ਼ਟ ਕੀਤਾ ਹੈ ਕਿ ਜੋ ਭਾਰਤੀ ਨਾਗਰਿਕ ਵਿਜ਼ਿਟ, ਟੂਰਿਸਟ, ਉਮਰਾਹ ਜਾਂ ਬਿਜ਼ਨਸ ਵੀਜ਼ੇ ‘ਤੇ ਸਾਊਦੀ ਅਰਬ ਆਏ ਸਨ ਅਤੇ ਉਡਾਣਾਂ ਰੱਦ ਹੋਣ ਕਾਰਨ ਮਜਬੂਰਨ ਰੁਕਣਾ ਪਿਆ, ਉਨ੍ਹਾਂ ਨੂੰ ਵੀਜ਼ਾ ਮਿਆਦ ਲੰਘਣ ‘ਤੇ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਬਾਹਰ ਨਿਕਲਣ ਲਈ ਗੁਆਂਢੀ ਦੇਸ਼ਾਂ ਕਤਰ ਜਾਂ ਬਹਰੀਨ ਰਾਹੀਂ ਉਡਾਣਾਂ ਲੈਣ ਦੀ ਸਲਾਹ ਦਿੱਤੀ ਗਈ ਹੈ। ਜੱਦਾ ਸਥਿਤ ਭਾਰਤੀ ਕੌਂਸਲੇਟ ਨੇ ਉਮਰਾਹ ਸ਼ਰਧਾਲੂਆਂ ਲਈ ਵੱਖਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਰਿਆਧ ਦੂਤਾਵਾਸ ਅਤੇ ਜੇਦਾਹ ਕੌਂਸਲੇਟ ਦੋਵਾਂ ਨੇ 24×7 ਕੰਟਰੋਲ ਰੂਮ ਸਥਾਪਤ ਕੀਤੇ ਹਨ। ਇਹ ਤਾਜ਼ਾ ਐਡਵਾਈਜ਼ਰੀ 10 ਅਕਤੂਬਰ ਨੂੰ ਰਿਆਧ ਹਵਾਈ ਅੱਡੇ ‘ਤੇ ਹੋਏ ਹਮਲੇ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਵਿੱਚ ਭਾਰਤੀ ਨਾਗਰਿਕ ਮੋਹੰਮਦ ਯੂਸੁਫ਼ ਅਲੀ ਦੀ ਮੌਤ ਹੋ ਗਈ ਸੀ। ਰਿਆਧ ਵਿੱਚ ਭਾਰਤੀ ਰਾਜਦੂਤ ਵਿਪੁਲ ਅਤੇ ਦੂਤਾਵਾਸ ਦੇ ਅਧਿਕਾਰੀਆਂ ਨੇ 12 ਅਕਤੂਬਰ ਨੂੰ ਪਰਿਵਾਰ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ। ਇਸ ਹਮਲੇ ਵਿੱਚ ਜ਼ਖਮੀ ਹੋਏ 11 ਭਾਰਤੀਆਂ ਵਿੱਚੋਂ 4 ਆਈ.ਸੀ.ਯੂ. ਵਿੱਚ ਹਨ, 4 ਆਮ ਵਾਰਡ ਵਿੱਚ ਇਲਾਜ ਅਧੀਨ ਹਨ ਅਤੇ 3 ਨੂੰ ਛੁੱਟੀ ਦੇ ਦਿੱਤੀ ਗਈ ਹੈ। ਏਅਰਲਾਈਨਾਂ ਨੇ ਪ੍ਰਭਾਵਿਤ ਯਾਤਰੀਆਂ ਨੂੰ ਪੂਰਾ ਰਿਫੰਡ ਜਾਂ ਬਿਨਾਂ ਵਾਧੂ ਚਾਰਜ ਤੋਂ ਟਿਕਟ ਰੀਸ਼ੈਡਿਊਲ ਕਰਨ ਦੀ ਸੁਵਿਧਾ ਦਿੱਤੀ ਹੈ।

