Israel bans pilots from 31 countries, including Pakistan; Air France complies with new rules
ਇਜ਼ਰਾਈਲ ਵੱਲੋਂ ਪਾਕਿਸਤਾਨ ਸਣੇ 31 ਦੇਸ਼ਾਂ ਦੇ ਪਾਇਲਟਾਂ ‘ਤੇ ਬੈਨ, ਏਅਰ ਫਰਾਂਸ ਨੇ ਮੰਨੇ ਨਵੇਂ ਨਿਯਮ
ਤੇਲ ਅਵੀਵ (ਆਵਾਜ਼ਿ ਕੌਮ ਬਿਊਰੋ)- ਇਜ਼ਰਾਈਲ ਨੇ ਪਾਕਿਸਤਾਨ ਸਮੇਤ 31 ਅਜਿਹੇ ਦੇਸ਼ਾਂ ਦੇ ਪਾਇਲਟਾਂ ਅਤੇ ਕੇਬਿਨ ਕਰੂ ‘ਤੇ ਆਪਣੇ ਹਵਾਈ ਖੇਤਰ ਵਿੱਚ ਉਡਾਣਾਂ ਚਲਾਉਣ ਜਾਂ ਉੱਥੇ ਜਾਣ ‘ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਨਾਲ ਉਸ ਦੇ ਕੂਟਨੀਤਕ (ਸਫ਼ਾਰਤੀ) ਸੰਬੰਧ ਨਹੀਂ ਹਨ। ਫਰਾਂਸ ਦੀ ਪ੍ਰਮੁੱਖ ਹਵਾਈ ਕੰਪਨੀ ‘ਏਅਰ ਫਰਾਂਸ’ ਨੇ ਇਜ਼ਰਾਈਲ ਦੇ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਕਰਨ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਦੇ ਟਰਾਂਸਪੋਰਟ ਮੰਤਰਾਲੇ ਦੁਆਰਾ ਜਾਰੀ ਨਿਰਦੇਸ਼ਾਂ ਅਨੁਸਾਰ, ਇਹ ਪਾਬੰਦੀ ਪਾਕਿਸਤਾਨ ਤੋਂ ਇਲਾਵਾ ਅਲਜੀਰੀਆ, ਟਿਊਨੀਸ਼ੀਆ, ਈਰਾਨ, ਓਮਾਨ, ਸਾਊਦੀ ਅਰਬ ਅਤੇ ਨਾਈਜਰ ਵਰਗੇ ਕਈ ਮੁਸਲਿਮ ਬਹੁ-ਗਿਣਤੀ ਦੇਸ਼ਾਂ ਦੇ ਨਾਗਰਿਕਾਂ ਅਤੇ ਦੋਹਰੀ ਨਾਗਰਿਕਤਾ ਧਾਰਕਾਂ ‘ਤੇ ਲਾਗੂ ਹੋਵੇਗੀ। ਏਅਰ ਫਰਾਂਸ ਤੋਂ ਇਲਾਵਾ ਅਮਰੀਕਾ ਦੀ ‘ਯੂਨਾਈਟਿਡ ਏਅਰਲਾਈਨਜ਼’ ਨੇ ਵੀ ਆਪਣੇ ਅਮਲੇ ਨੂੰ ਇਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਦੇ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਇਹ ਸਖ਼ਤ ਕਦਮ 30 ਸਤੰਬਰ ਨੂੰ ਫਲਾਈਦੁਬਈ ਦੀ ਉਡਾਣ FZ-1073 ਵਿੱਚ ਵਾਪਰੀ ਇੱਕ ਗੰਭੀਰ ਘਟਨਾ ਤੋਂ ਬਾਅਦ ਚੁੱਕਿਆ ਗਿਆ ਹੈ। ਦੁਬਈ ਤੋਂ ਤੇਲ ਅਵੀਵ ਜਾ ਰਹੇ ਜਹਾਜ਼ ਵਿੱਚ 34,000 ਫੁੱਟ ਦੀ ਉਚਾਈ ‘ਤੇ ਓਮਾਨੀ ਸਹਿ-ਪਾਇਲਟ ਨੇ ਭਾਰਤੀ ਮੂਲ ਦੇ ਮੁੱਖ ਕੈਪਟਨ ਸਮਿਤ ਮੱਛਾਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਕੈਪਟਨ ਸਮਿਤ ਨੇ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਬਹਾਦਰੀ ਦਿਖਾਉਂਦੇ ਹੋਏ ਯਾਤਰੀਆਂ ਅਤੇ ਕਰੂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕੀਤਾ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਏਅਰਪੋਰਟ ‘ਤੇ ਸੁਰੱਖਿਅਤ ਉਤਾਰਿਆ। ਰਾਸ਼ਟਰੀਅਤਾ ਦੇ ਆਧਾਰ ‘ਤੇ ਲਗਾਈ ਗਈ ਇਸ ਪਾਬੰਦੀ ਤੋਂ ਬਾਅਦ ਫਰਾਂਸ ਵਿੱਚ ਰੁਜ਼ਗਾਰ ਕਾਨੂੰਨਾਂ ਦੇ ਉਲੰਘਣ ਅਤੇ ਭੇਦਭਾਵ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ। ਆਲੋਚਕਾਂ ਦਾ ਤਰਕ ਹੈ ਕਿ ਕੇਵਲ ਨਾਗਰਿਕਤਾ ਦੇ ਆਧਾਰ ‘ਤੇ ਕਰਮਚਾਰੀਆਂ ਨੂੰ ਉਡਾਣਾਂ ਤੋਂ ਹਟਾਉਣਾ ਪੇਸ਼ੇਵਰ ਅਧਿਕਾਰਾਂ ਦਾ ਉਲੰਘਣ ਹੋ ਸਕਦਾ ਹੈ।

