Crisis for H-1B visa holders: Losing their jobs, they are leaving behind homes and cars to return to India
H-1B ਵੀਜ਼ਾ ਧਾਰਕਾਂ ’ਤੇ ਸੰਕਟ, ਨੌਕਰੀ ਗਈ ਤਾਂ ਘਰ-ਕਾਰਾਂ ਛੱਡ ਪਰਤ ਰਹੇ ਭਾਰਤ
ਡਲਾਸ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਵਿਚ ਐੱਚ-1ਬੀ ਵੀਜ਼ਾ ’ਤੇ ਕੰਮ ਕਰਨ ਵਾਲੇ ਭਾਰਤੀ ਆਈ. ਟੀ. ਪੇਸ਼ੇਵਰਾਂ ਦੇ ਸਾਹਮਣੇ ਨੌਕਰੀ ਛੁੱਟਣ ਤੋਂ ਬਾਅਦ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਤੈਅ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਨਾ ਮਿਲਣ ’ਤੇ ਕਈ ਪਰਿਵਾਰਾਂ ਨੂੰ ਘਰ ਅਤੇ ਕਾਰਾਂ ਛੱਡ ਕੇ ਭਾਰਤ ਪਰਤਣਾ ਪੈ ਰਿਹਾ ਹੈ। ਉੱਤਰੀ ਟੈਕਸਾਸ ਦੇ ਕੁਝ ਇਲਾਕਿਆਂ ਵਿਚ ਘਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਨੇ ਉਨ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਰਿਪੋਰਟ ਅਨੁਸਾਰ ਡਲਾਸ ਦੇ ਉੱਤਰ ਵਿਚ ਸਥਿਤ ਸੈਲੀਨਾ ਅਤੇ ਮੈਲੀਸਾ ਵਿਚ 10 ਤੋਂ ਵੱਧ ਪਰਿਵਾਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਨਵੀਂ ਨੌਕਰੀ ਨਾ ਮਿਲਣ ’ਤੇ ਇਨ੍ਹਾਂ ਪਰਿਵਾਰਾਂ ਨੇ ਭਾਰਤ ਪਰਤਣ ਲਈ ਇਕ ਪਾਸੇ ਦੀਆਂ ਟਿਕਟਾਂ ਖਰੀਦੀਆਂ ਅਤੇ ਘਰ, ਕਾਰਾਂ ਤੇ ਫਰਨੀਚਰ ਪਿੱਛੇ ਹੀ ਛੱਡ ਦਿੱਤਾ। ਕੀਮਤਾਂ ਡਿੱਗਣ ਅਤੇ ਹੋਮ ਲੋਨ ਦੀਆਂ ਕਿਸ਼ਤਾਂ ਚੁਕਾਉਣ ਵਿਚ ਅਸਮਰੱਥਾ ਕਾਰਨ ਕੁਝ ਪਰਿਵਾਰ ਆਪਣੇ ਘਰ ਵੇਚਣ ਦੀ ਸਥਿਤੀ ਵਿਚ ਵੀ ਨਹੀਂ ਰਹੇ। ਰਿਪੋਰਟ ਵਿਚ ਐਕਸਫੇਨੋ ਅਤੇ ਇਮੀਗ੍ਰੇਸ਼ਨ ਸਬੰਧੀ ਅੰਕੜਿਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਜੂਨ ਤੱਕ ਲਗਭਗ 7,300 ਭਾਰਤੀ ਆਈ. ਟੀ. ਪੇਸ਼ੇਵਰ ਨੌਕਰੀ ਜਾਂ ਵੀਜ਼ਾ ਸਬੰਧੀ ਅਨਿਸ਼ਚਿਤਤਾ ਕਾਰਨ ਭਾਰਤ ਪਰਤ ਚੁੱਕੇ ਸਨ। ਸਾਲ 2025 ਵਿਚ ਇਹ ਗਿਣਤੀ 15,100 ਦੱਸੀ ਗਈ ਹੈ। ਕੋਲਿਨ ਕਾਊਂਟੀ ਵਿਚ ਘਰਾਂ ਦੀਆਂ ਕੀਮਤਾਂ ਵਿਚ ਸਾਲਾਨਾ ਆਧਾਰ ’ਤੇ 9 ਫੀਸਦੀ ਗਿਰਾਵਟ ਦਾ ਦਾਅਵਾ ਕੀਤਾ ਗਿਆ ਹੈ। ਉਥੇ ਹੀ ਇਕ ਬਿਲਡਰ ਦੀ ਦੱਖਣੀ ਏਸ਼ੀਆਈ ਖਰੀਦਦਾਰਾਂ ਨੂੰ ਹੋਣ ਵਾਲੀ ਵਿਕਰੀ 70 ਫੀਸਦੀ ਤੋਂ ਘਟ ਕੇ 30 ਫੀਸਦੀ ਤੋਂ ਵੀ ਹੇਠਾਂ ਆਉਣ ਦੀ ਗੱਲ ਕਹੀ ਗਈ ਹੈ। ਉਸ ਦੇ 125 ਘਰ ਬਿਨਾਂ ਵਿਕੇ ਪਏ ਹਨ।

