Threats issued to these schools amidst ‘Punjab Bandh’; Chandigarh Police increases security
‘ਪੰਜਾਬ ਬੰਦ’ ਵਿਚਾਲੇ ਇਨ੍ਹਾਂ ਸਕੂਲਾਂ ਨੂੰ ਧਮਕੀ, ਚੰਡੀਗੜ੍ਹ ਪੁਲਸ ਨੇ ਵਧਾਈ ਸੁਰੱਖਿਆ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਜਿੱਥੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ, ਉੱਥੇ ਹੀ ਚੰਡੀਗੜ੍ਹ ਦੇ ਤਿੰਨ ਸਰਕਾਰੀ ਸਕੂਲਾਂ ਸੈਕਟਰ-20, ਸੈਕਟਰ-23 ਅਤੇ ਸੈਕਟਰ-32 ਨੂੰ ਅੱਜ ਸਵੇਰੇ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਨਾਲ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਹ ਈਮੇਲ ਵੀਰਵਾਰ ਸਵੇਰੇ ਕਰੀਬ 9:08 ਵਜੇ ‘ਕੈਨੇਥ ਮੈਕਸਿਮਸ’ ਨਾਮ ਦੇ ਖ਼ਾਤੇ ਤੋਂ ਭੇਜੀ ਗਈ ਹੈ। ਈਮੇਲ ‘ਚ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖਣ ਦੇ ਨਾਲ-ਨਾਲ ਸਕੂਲਾਂ ਵਿੱਚ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਈਮੇਲ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਦਫ਼ਤਰ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਧਮਕੀ ਭਰੇ ਸੰਦੇਸ਼ ‘ਚ ਸਪੱਸ਼ਟ ਲਿਖਿਆ ਗਿਆ ਹੈ ਕਿ ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਬਦਲਾ ਲੈਣ ਲਈ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸੰਦੇਸ਼ ਦੇ ਅਖ਼ੀਰ ‘ਚ ‘ਖਾਲਿਸਤਾਨ ਨੈਸ਼ਨਲ ਆਰਮੀ’ ਅਤੇ ‘ਬੱਬਰ ਖਾਲਸਾ (ਪਰਮਾਰ-ਕੈਨੇਡਾ)’ ਵਰਗੇ ਸੰਗਠਨਾਂ ਸਮੇਤ ਕੁੱਝ ਵਿਅਕਤੀਆਂ ਦੇ ਨਾਮ ਲਿਖੇ ਹੋਏ ਹਨ। ਧਮਕੀ ਮਿਲਣ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲਸ ਅਤੇ ਬੰਬ ਨਿਰੋਧਕ ਦਸਤੇ ਦੀਆਂ ਟੀਮਾਂ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ। ਪੁਲਸ ਵੱਲੋਂ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਅਜੇ ਤੱਕ ਕੋਈ ਵੀ ਬੰਬ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਪੁਲਸ ਈਮੇਲ ਭੇਜਣ ਵਾਲੇ ਦੀ ਪਛਾਣ ਅਤੇ ਸੰਦੇਸ਼ ਦੀ ਸੱਚਾਈ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

