Forced out of an ambulance for lack of money for diesel! Labourer runs off carrying his unconscious daughter on his shoulder
ਡੀਜ਼ਲ ਦੇ ਪੈਸੇ ਨਾ ਹੋਣ ‘ਤੇ ਅੰਬੂਲੈਂਸ ‘ਚੋਂ ਉਤਾਰਿਆ! ਬੇਹੋਸ਼ ਧੀ ਨੂੰ ਮੋਢੇ ‘ਤੇ ਚੁੱਕ ਕੇ ਭੱਜਿਆ ਮਜ਼ਦੂਰ
ਬੀਡ, (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਬੀਡ ਜ਼ਿਲੇ ਵਿਚ ਸਰਕਾਰੀ ਐਂਬੂਲੈਂਸ ’ਚੋਂ ਉਤਾਰੇ ਜਾਣ ਤੋਂ ਬਾਅਦ ਇਕ ਗਰੀਬ ਮਜ਼ਦੂਰ ਨੂੰ ਆਪਣੀ ਬੇਹੋਸ਼ 11 ਸਾਲਾ ਧੀ ਨੂੰ ਮੋਢੇ ’ਤੇ ਚੁੱਕ ਕੇ ਹਸਪਤਾਲ ਲਿਜਾਣ ਲਈ ਮਜਬੂਰ ਹੋਣਾ ਪਿਆ। ਦੋਸ਼ ਹੈ ਕਿ ਅੰਬੂਲੈਂਸ ਦੇ ਡੀਜ਼ਲ ਲਈ ਪੈਸੇ ਨਾ ਹੋਣ ’ਤੇ ਪਰਿਵਾਰ ਨੂੰ ਵਾਹਨ ਤੋਂ ਉਤਰਨ ਲਈ ਕਹਿ ਦਿੱਤਾ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਫੈਲ ਗਿਆ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਸਬੰਧਤ ਮੈਡੀਕਲ ਅਫ਼ਸਰ ਡਾ. ਨਿਲੇਸ਼ ਧਕਨੇ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਜ਼ਿਲਾ ਸਿਹਤ ਅਫ਼ਸਰ ਡਾ. ਉਲਹਾਸ ਗਾਂਦਲ ਨੇ ਬੁੱਧਵਾਰ ਨੂੰ ਦੱਸਿਆ ਕਿ ਡਾ. ਧਕਨੇ ਨੂੰ ਮੁਅੱਤਲ ਕਰਨ ਸਮੇਤ ਅਨੁਸ਼ਾਸਨੀ ਕਾਰਵਾਈ ਦਾ ਪ੍ਰਸਤਾਵ ਸਿਹਤ ਸੇਵਾ ਕਮਿਸ਼ਨਰ ਨੂੰ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ 29 ਸਤੰਬਰ ਨੂੰ ਮਾਜਲ ਗਾਓਂ ਤਹਿਸੀਲ ਦੇ ਇਕ ਜ਼ਿਲਾ ਪ੍ਰੀਸ਼ਦ ਸਕੂਲ ਵਿਚ 5ਵੀਂ ਜਮਾਤ ਵਿਚ ਪੜ੍ਹਨ ਵਾਲੀ ਬੱਚੀ ਨੂੰ ਗੰਭੀਰ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਸਕੂਲ ਦੇ ਅਧਿਕਾਰੀ ਉਸ ਨੂੰ ਤੁਰੰਤ ਦਿੰਦਰੂੜ ਪ੍ਰਾਇਮਰੀ ਸਿਹਤ ਕੇਂਦਰ ਲੈ ਕੇ ਪਹੁੰਚੇ। ਉਥੇ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਵੱਡੇ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ। ਮਾਜਲ ਗਾਓਂ ਦੇ ਸਿਹਤ ਅਫ਼ਸਰ ਡਾ. ਮਧੂਕਰ ਘੁਬਾਡੇ ਅਨੁਸਾਰ ਬੱਚੀ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਐਂਬੂਲੈਂਸ ਵਿਚ ਬੈਠੇ ਤਾਂ ਸਿਹਤ ਕੇਂਦਰ ਦੇ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਤੋਂ ਡੀਜ਼ਲ ਦੇ ਪੈਸੇ ਮੰਗੇ। ਸ਼ੁਰੂਆਤੀ ਜਾਂਚ ਰਿਪੋਰਟ ਮੁਤਾਬਕ ਪਿਤਾ ਨੇ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਗੁਹਾਰ ਲਗਾਈ ਪਰ ਪਰਿਵਾਰ ਨੂੰ ਐਂਬੂਲੈਂਸ ’ਚੋਂ ਉਤਰਨ ਲਈ ਕਹਿ ਦਿੱਤਾ ਗਿਆ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

