Harsimrat Badal visited Parvinder Jhota’s home to share in the grief, stating, “I promise to ensure justice is served.”
ਪਰਵਿੰਦਰ ਝੋਟੇ ਘਰ ਦੁਖ ਸਾਂਝਾ ਕਰਨ ਪਹੁੰਚੇ ਹਰਸਿਮਰਤ ਬਾਦਲ, ਕਿਹਾ- ‘ਇਨਸਾਫ਼ ਦਵਾਉਣ ਦਾ ਵਾਅਦਾ ਕਰਦੀ ਹਾਂ’
ਬਠਿੰਡਾ (ਆਵਾਜ਼ਿ ਕੌਮ ਬਿਊਰੋ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ‘ਚ ਸੋਗ ਦਾ ਮਾਹੌਲ ਹੈ। ਇਸ ਦੁੱਖ ਦੀ ਘੜੀ ‘ਚ ਹਰ ਵਰਗ ਪੀੜਤ ਪਰਿਵਾਰ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਉਨ੍ਹਾਂ ਦੇ ਨਿਵਾਸ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਹੌਂਸਲਾ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਮਾਂ ਨੂੰ ਉਸਦੇ ਪੁੱਤ ਦਾ ਇਨਸਾਫ਼ ਦਵਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ”ਪਰਵਿੰਦਰ ਸਿੰਘ ਝੋਟਾ ਦੇ ਮਾਤਾ ਜੀ ਨੂੰ ਪੁੱਤ ਦੇ ਵਿਛੋੜੇ ਵਿੱਚ ਵਿਲਕਦਿਆਂ ਦੇਖ ਮੇਰਾ ਦਿਲ ਵਲੂੰਧਰ ਗਿਆ! ਇੱਕ ਮਾਂ ਦੇ ਇਸ ਅਸਹਿ ਦਰਦ ਨੂੰ ਬਿਆਨ ਕਰਨ ਲਈ ਮੇਰੇ ਕੋਲੋਂ ਸ਼ਬਦ ਨਹੀਂ ਹਨ! ਸਿਸਟਮ ਨੂੰ ਦੁਹਾਈਆਂ ਦੇ ਰਹੀਆਂ ਉਸ ਮਾਂ ਦੀਆਂ ਧਾਹਾਂ ਕੰਨਾਂ ‘ਚ ਪਏ ਪਿਗਲ਼ਦੇ ਲੋਹੇ ਵਰਗੀਆਂ ਹਨ। ਮਾਵਾਂ ਦੇ ਪੁੱਤ ਮਰਨ ਤੋਂ ਬਚਾਉਣ ਲਈ ਭੇਜੇ ਪੁੱਤ ਨੂੰ ਖ਼ੁਦ ਲਾਸ਼ ਬਣਿਆ ਦੇਖਣਾ ਕਿਸੇ ਵੀ ਮਾਂ ਲਈ ਜਿਓਂਦੇ ਜੀ ਨਰਕ ਦੇਖਣ ਵਰਗਾ ਹੈ। ਝੋਟੇ ਨੂੰ ਇਨਸਾਫ਼ ਦਵਾਉਣਾ ਮੇਰੀ ਨਿੱਜੀ ਲੜਾਈ ਬਣ ਚੁੱਕੀ ਹੈ। ਮੈਂ ਉਸ ਰੋਂਦੀ ਮਾਂ ਨੂੰ ਉਸਦਾ ਜਹਾਨੋ ਤੁਰ ਗਿਆ ਪੁੱਤ ਤਾਂ ਨਹੀਂ ਮੋੜ ਸਕਦੀ ਪਰ ਉਸ ਮਾਂ ਨੂੰ ਉਸਦੇ ਪੁੱਤ ਦਾ ਇਨਸਾਫ਼ ਦਵਾਉਣ ਲਈ ਹਰ ਸੰਭਵ ਮਦਦ ਦਾ ਵਾਅਦਾ ਕਰਦੀ ਹਾਂ।”

